ਟ੍ਰੇਨਾਂ ‘ਚ ਹੁਣ ਪਾਲਤੂ ਜਾਨਵਰ ਕੁੱਤੇ-ਬਿੱਲੀਆਂ ਨੂੰ ਸਫ਼ਰ ਕਰਨ ਦੀ ਮਿਲੀ ਇਜਾਜ਼ਤ, ਸਿਰਫ਼ 12% ਨੇ ਵਿਰੋਧ ਕੀਤਾ

ਆਕਲੈਂਡ 26 ਜੂਨ (ਹਰਜਿੰਦਰ ਸਿੰਘ ਬਸਿਆਲਾ) – ਜਿਹੜੇ ਲੋਕ ਆਪਣੇ ਪਾਲਤੂ ਜਾਨਵਰਾਂ ਜਿਵੇਂ ਕੁੱਤੇ-ਬਿੱਲੀਆਂ ਆਦਿ ਨੂੰ ਇਕੱਲਿਆਂ ਘਰ ਛੱਡ ਕੇ ਦੂਰੀ ਨਹੀਂ ਬਣਾਉਣਾ ਚਾਹੁੰਦੇ, ਦੇ ਲਈ ਚੰਗੀ ਖ਼ਬਰ ਹੈ ਕਿ ਹੁਣ ਇਹ ਦੂਰੀ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਹੁਣ ਟ੍ਰੇਨਾਂ ਦੇ ਵਿੱਚ ਆਪਣੇ ਪਿਆਰੇ ਜਾਨਵਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਿਜਾ ਸਕਣਗੇ।
ਇਹ ਕਾਫ਼ੀ ਦੇਰ ਤੋਂ ਮੰਗ ਚੱਲੀ ਆ ਰਹੀ ਸੀ ਪਰ ਸੁਰੱਖਿਆ ਦਾ ਮੱਦੇਨਜ਼ਰ ਸਵੀਕਾਰੀ ਨਹੀਂ ਜਾ ਰਹੀ ਸੀ। ਇਸ ਸਬੰਧੀ ਲੋਕਾਂ ਦੀ ਰਾਏ ਲਈ ਗਈ ਤਾਂ ਸਿਰਫ਼ 12% ਲੋਕਾਂ ਨੇ ਹੀ ਇਸ ਉੱਤੇ ਇਤਰਾਜ਼ ਉਠਾਇਆ ਜਿਸ ਕਰਕੇ ਹੁਣ ਟ੍ਰੇਨਾਂ ਦੇ ਵਿੱਚ ਅਜਿਹੇ ਪਾਲਤੂ ਜਾਨਵਰ ਆਪਣੇ ਮਾਲਕ ਜਾਂ ਹੈਂਡਲਰ ਦੇ ਨਾਲ ਜਾ ਸਕਣਗੇ। ਇਹ ਪਾਲਤੂ ਜਾਨਵਰ ਸਵੇਰੇ 9 ਵਜੇ ਤੋਂ 3 ਵਜੇ ਦਰਮਿਆਨ ਟ੍ਰੇਨਾਂ ਵਿੱਚ ਸਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਰਾਤ 6.30 ਤੋਂ ਬਾਅਦ ਅਤੇ ਵੀਕਐਂਡ ਜਾਂ ਛੁੱਟੀ ਵਾਲੇ ਦਿਨ ਸਾਰਾ ਦਿਨ ਸਫ਼ਰ ਕਰ ਸਕਦੇ ਹਨ।
ਕੁੱਤਿਆਂ ਦੇ ਮੂੰਹ ਉੱਤੇ ਮਜ਼ਲ (ਮਨਜ਼ੂਰਸ਼ੁਦਾ ਜਾਲੀ ਜਾਂ ਛਿੱਕਲੀ) ਲਗਾਉਣੀ ਜ਼ਰੂਰੀ ਕੀਤੀ ਗਈ ਹੈ ਤਾਂ ਕਿ ਜਾਨਵਰ ਕਿਸੀ ਨੂੰ ਵੱਢ ਨਾ ਸਕੇ। ਟ੍ਰੇਨ ਦੇ ਵਿੱਚ ਕੁੱਤਿਆਂ ਦੇ ਜੰਗਲੇ ਆਦਿ ਨੂੰ ਵੀ ਲਿਜਾਇਆ ਜਾ ਸਕੇਗਾ। ਇਸ ਦਾ ਆਕਾਰ ਐਨਾ ਛੋਟਾ ਹੋਣਾ ਚਾਹੀਦਾ ਹੈ ਕਿ ਉਹ ਜਾਂ ਤਾਂ ਸੀਟ ਥੱਲੇ ਆ ਜਾਵੇ ਤਾਂ ਪੱਟਾਂ ਉੱਤੇ ਰੱਖਿਆ ਜਾ ਸਕੇ। ਜੇਕਰ ਇਹ ਜਾਨਵਰ ਉੱਥੇ ਕਿਸੀ ਤਰ੍ਹਾਂ ਦਾ ਗੰਦ ਪਾਉਂਦੇ ਹਨ ਤਾਂ ਜਾਨਵਰ ਦੇ ਮਾਲਕ ਨੂੰ ਤੁਰੰਤ ਉਹ ਸਾਫ਼ ਕਰਨਾ ਪਵੇਗਾ। ਸੋ ਹੁਣ ਪਾਲਤੂ ਜਾਨਵਰਾਂ ਜਿਵੇਂ ਕੁੱਤਿਆਂ-ਬਿੱਲੀਆਂ ਦੇ ਲਈ ਵੀ ਮੈਟਰੋ ਟ੍ਰੇਨਾਂ ਸਵਾਗਤ ਕਰਨਗੀਆਂ।