ਟ੍ਰੇਵਰ ਮੈਲਾਰਡ ਦੇ ਅਸਤੀਫ਼ੇ ਤੋਂ ਬਾਅਦ ਸੰਸਦ ਮੈਂਬਰ ਐਡਰੀਅਨ ਰੁਰਾਵੇ ਨੂੰ ਸਪੀਕਰ ਚੁਣਿਆ ਗਿਆ

ਵੈਲਿੰਗਟਨ, 24 ਅਗਸਤ – ਟੇ ਤਾਈ ਹੌਊਰੂ ਦੇ ਸੰਸਦ ਮੈਂਬਰ ਐਡਰੀਅਨ ਰੁਰਾਵੇ ਨੂੰ ਅੱਜ ਸੰਸਦ ਦਾ ਨਵਾਂ ਸਪੀਕਰ ਚੁਣਿਆ ਗਿਆ ਹੈ ਅਤੇ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਦੀ ਹਮਾਇਤ ਕਰੇਗੀ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਖ਼ਿਲਾਫ਼ ਖੜ੍ਹਾ ਨਹੀਂ ਕਰੇਗੀ।
ਐਡਰੀਅਨ ਰੁਰਾਵੇ ਲੇਬਰ ਸੰਸਦ ਮੈਂਬਰ ਅਤੇ ਦੂਜੇ ਮਾਓਰੀ ਸਪੀਕਰ ਹਨ। ਉਨ੍ਹਾਂ ਨੂੰ ਸਰਕਾਰ ਨੇ ਦੁਪਹਿਰ 2 ਵਜੇ ਸੰਸਦ ਵਿੱਚ ਨਵੇਂ ਸਪੀਕਰ ਦੇ ਤੌਰ ‘ਤੇ ਨਾਮਜ਼ਦ ਕੀਤਾ, ਜਦੋਂ ਕਿ ਦੁਪਹਿਰ 1.45 ਵਜੇ ‘ਤੇ ਕਾਰਜਭਾਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਪੀਕਰ ਟ੍ਰੇਵਰ ਮੈਲਾਰਡ ਦਾ ਅਸਤੀਫ਼ਾ ਪ੍ਰਭਾਵੀ ਹੁੰਦਾ ਹੈ।
ਐਡਰੀਅਨ ਰੁਰਾਵੇ ਨੇ ਉਨ੍ਹਾਂ ਨੂੰ ਸਪੀਕਰ ਦੀ ਭੂਮਿਕਾ ਨਿਭਾਉਣ ਦੀ ਇਜਾਜ਼ਤ ਦੇਣ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ, ‘ਮੈਂ ਇਸ ਘਰ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਨੂੰ ਬਰਕਰਾਰ ਰੱਖਣ ਦੀ ਲੰਬੀ ਪਰੰਪਰਾ ਨੂੰ ਜਾਰੀ ਰੱਖਾਂਗਾ … ਜਿਵੇਂ ਬੋਲਣ ਦੀ ਆਜ਼ਾਦੀ’।
ਐਡਰੀਅਨ ਰੁਰਾਵੇ ਡਿਪਟੀ ਸਪੀਕਰ ਸਨ ਅਤੇ ਸਪੀਕਰ ਬਣਨ ਵਾਲੇ ਦੂਜੇ ਮਾਓਰੀ ਹਨ, ਪਹਿਲੇ ਮਰਹੂਮ ਸਰ ਪੀਟਰ ਟੈਪਸੇਲ ਸਨ ਜਿਨ੍ਹਾਂ ਨੇ ਜਿਮ ਬੋਲਗਰ ਦੀ ਨੈਸ਼ਨਲ ਸਰਕਾਰ ਦੇ ਅਧੀਨ 1993 ਤੋਂ 1996 ਦਰਮਿਆਨ ਭੂਮਿਕਾ ਨਿਭਾਈ ਸੀ।
ਗੌਰਤਲਬ ਹੈ ਕਿ ਮੈਲਾਰਡ ਆਇਰਲੈਂਡ ਵਿੱਚ ਨਿਊਜ਼ੀਲੈਂਡ ਦੇ ਰਾਜਦੂਤ ਵਜੋਂ ਆਪਣੀ ਨਵੀਂ ਭੂਮਿਕਾ ਦੀ ਤਿਆਰੀ ਲਈ ਅਕਤੂਬਰ ਵਿੱਚ ਰਵਾਨਾ ਹੋਣ ਤੋਂ ਪਹਿਲਾਂ ਇੱਕ ਬੈਕਬੈਂਚ ਐਮਪੀ ਵਜੋਂ ਬਣੇ ਰਹਿਣਗੇ। ਸਪੀਕਰ ਬਣੇ ਐਡਰੀਅਨ ਰੁਰਾਵੇ ਨੂੰ ਅੱਜ ਸਦਨ ਵਿੱਚ ਬਿਨਾਂ ਚੁਣੌਤੀ ਦੇ ਨਾਮਜ਼ਦ ਕੀਤਾ ਗਿਆ ਅਤੇ ਪੁਸ਼ਟੀ ਹੋਣ ‘ਤੇ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ।