ਡਬਲਡੋਜ਼ ਕਾਮੇਡੀ, ਮੁਹੱਬਤ ਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਮੌਜਾਂ ਹੀ ਮੌਜਾਂ’

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ ‘ਮੌਜਾਂ ਹੀ ਮੌਜਾਂ’ ਆਉਣ ਵਾਲੀ 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ, ਇੱਕ ਮਜ਼ੇਦਾਰ ਅਤੇ ਪੂਰੀ ਕਾਮੇਡੀ ਨਾਲ ਭਰੀ ਨਾਨ-ਸਟਾਪ ਮਨੋਰੰਜਨ ਡਰਾਮਾ ਹੋਵੇਗੀ।ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ। ਫ਼ਿਲਮ ਨਿਰਮਾਤਾ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਦੇਸੀਰੌਕਸਟਾਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ, ਹਸ਼ਨੀਨ ਚੌਹਾਨ, ਯੋਗਰਾਜ ਸਿੰਘ, ਬੀ.ਐਨ. ਸ਼ਰਮਾ ਅਤੇ ਨਾਸਿਰ ਚਿਨਯੋਤੀ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਵਲੋਂ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਕਾਮੇਡੀ, ਹਾਸੇ-ਮਜ਼ਾਕ ਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ ਤੇ ਇਸੇ ਕਰਕੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਆਪਣਾ ਇਕ ਵਿਲੱਖਣ ਸਥਾਨ ਬਣਾਇਆ ਹੈ।ਫਿਲਮ ਦੀ ਸਟੋਰੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਦੀ ਲਿਖੀ ਹੈ ਜੋ ਕਿ ਅਪਾਹਜਾਂ ਦੀ ਤਿਕੜੀ ਦੇ ਜੀਵਨ ’ਤੇ ਕੇਂਦਰਿਤ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜਿਸ ਨੂੰ ਗਿੱਪੀ ਗਰੇਵਾਲ (ਬੋਲੇ), ਬੀਨੂੰ ਢਿੱਲੋਂ (ਅੰਨ੍ਹਾ) ਤੇ ਕਰਮਜੀਤ ਅਨਮੋਲ (ਗੂੰਗੇ) ਵਲੋਂ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਬਿਰਤਾਂਤ ਉਨ੍ਹਾਂ ਦੀਆਂ ਚੁਣੌਤੀਆਂ ਤੇ ਜਿੱਤਾਂ ਨੂੰ ਗੁੰਝਲਦਾਰ ਢੰਗ ਨਾਲ ਬੁਣਦਾ ਹੈ, ਉਨ੍ਹਾਂ ਦੇ ਸੰਸਾਰ ’ਚ ਇਕ ਪ੍ਰਭਾਵਸ਼ਾਲੀ ਝਲਕ ਪੇਸ਼ ਕਰਦਾ ਹੈ।ਫ਼ਿਲਮ ਦੇ ਡਾਇਲੌਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ। ਫਿਲਮ ਨੂੰ ‘ਈਸਟ ਸਨਸ਼ਾਈਨ ਪ੍ਰੋਡਕਸ਼ਨ’ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤਾ ਜਾਵੇਗਾ।
ਜਿੰਦ ਜਵੰਦਾ 9779591482