ਡਬਲਿਊਐੱਚਓ ਨੇ ਮੰਕੀਪੌਕਸ ਨੂੰ ਆਲਮੀ ਸਿਹਤ ਐਮਰਜੈਂਸੀ ਐਲਾਨਿਆ

ਜੈਨੇਵਾ, 24 ਜੁਲਾਈ – ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ 70 ਤੋਂ ਵਧ ਮੁਲਕਾਂ ਵਿੱਚ ਮੰਕੀਪੌਕਸ ਫੈਲਣ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਆਲਮੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਡਬਲਿਊਐੱਚਓ ਦਾ ਇਹ ਐਲਾਨ ਇਸ ਬਿਮਾਰੀ ਦੇ ਇਲਾਜ ਲਈ ਨਿਵੇਸ਼ ਵਿੱਚ ਤੇਜ਼ੀ ਲਿਆ ਸਕਦਾ ਹੈ ਅਤੇ ਉਨ੍ਹਾਂ ਟੀਕਾ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਗੈਬਰੇਸਿਸ ਨੇ ਸੰਸਥਾ ਦੀ ਹੰਗਾਮੀ ਮੀਟਿੰਗ ਵਿਚ ਮੈਂਬਰਾਂ ਵਿਚਾਲੇ ਆਮ ਸਹਿਮਤੀ ਨਾ ਬਣਨ ਦੇ ਬਾਵਜੂਦ ਇਹ ਐਲਾਨ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਡਬਲਿਊਐੱਚਓ ਮੁਖੀ ਨੇ ਇਹ ਕਦਮ ਉਠਾਇਆ ਹੈ। ਟੈਡਰੋਸ ਨੇ ਕਿਹਾ, ‘ਅਸੀਂ ਇਕ ਅਜਿਹੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਾਂ ਜੋ ਤੇਜ਼ੀ ਨਾਲ ਦੁਨੀਆ ਵਿੱਚ ਫੈਲ ਰਹੀ ਹੈ ਅਤੇ ਇਸ ਬਿਮਾਰੀ ਬਾਰੇ ਸਾਡੇ ਕੋਲ ਬਹੁਤ ਘੱਟ ਜਾਣਕਾਰੀ ਹੈ। ਉਂਜ ਇਸ ਬਿਮਾਰੀ ਨੂੰ ਆਲਮੀ ਐਮਰਜੈਂਸੀ ਐਲਾਨਣ ਲਈ ਇਹ ਜਾਣਕਾਰੀ ਕਾਫ਼ੀ ਹੈ।’’ ਉਨ੍ਹਾਂ ਕਿਹਾ ਕਿ ਹਾਲਾਂਕਿ ਮੰਕੀਪੌਕਸ ਮੱਧ ਅਤੇ ਪੱਛਮੀ ਅਫਰੀਕਾ ਦੇ ਕਈ ਹਿੱਸਿਆਂ ਵਿੱਚ ਮੌਜੂਦ ਹੈ ਪਰ ਅਫਰੀਕੀ ਮਹਾਦੀਪ ਤੋਂ ਬਾਹਰ ਵੱਡੇ ਪੱਧਰ ’ਤੇ ਇਸ ਮਹਾਮਾਰੀ ਦਾ ਅਸਰ ਪਹਿਲਾਂ ਕਦੇ ਨਹੀਂ ਰਿਹਾ ਸੀ ਅਤੇ ਮਈ ਤਕ ਲੋਕਾਂ ਵਿਚਾਲੇ ਇਹ ਤੇਜ਼ੀ ਨਾਲ ਨਹੀਂ ਫੈਲੀ ਸੀ।