ਡਰੱਗ ਪਾਰਟੀ: ਐੱਨਸੀਬੀ ਵੱਲੋਂ ਬਾਲੀਵੁੱਡ ਅਦਾਕਾਰ ਸ਼ਾਹਰੁੱਖ਼ ਖ਼ਾਨ ਦਾ ਪੁੱਤਰ ਆਰੀਅਨ ਤੇ ਸੱਤ ਹੋਰ ਗ੍ਰਿਫ਼ਤਾਰ

ਮੁੰਬਈ, 3 ਅਕਤੂਬਰ – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਰੂਜ਼ ਜਹਾਜ਼ ‘ਤੇ ਚੱਲ ਰਹੀ ਡਰੱਗਜ਼ (ਨਸ਼ਿਆਂ ਦੀ) ਪਾਰਟੀ ਦੌਰਾਨ ਮਾਰੇ ਛਾਪੇ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਅੱਜ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਹੈ। ਆਰੀਅਨ ਤੇ ਸੱਤ ਹੋਰਨਾਂ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਮਾਰੇ ਛਾਪੇ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਆਰੀਅਨ, ਮੁਨਮੁਨ ਧਮੇਚਾ ਤੇ ਅਰਬਾਜ਼ ਮਰਚੈਂਟ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਮੈਟਰੋਪਾਲਿਟਨ ਮੈਜਿਸਟਰੇਟ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਕ ਦਿਨਾ ਐੱਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐੱਨਸੀਬੀ ਵਕੀਲ ਨੇ ਹਾਲਾਂਕਿ ਮੁਲਜ਼ਮਾਂ ਦੀ ਦੋ ਦਿਨਾ ਹਿਰਾਸਤ ਮੰਗੀ ਸੀ। ਐੱਨਸੀਬੀ ਨੇ ਤਰਕ ਦਿੱਤਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਡਰੱਗ ਸਪਲਾਇਰਾਂ ਦੀ ਪੈੜ ਨੱਪਣ ਲਈ ਅਜੇ ਹੋਰ ਛਾਪੇ ਮਾਰਨ ਦੀ ਲੋੜ ਹੈ। ਉੱਧਰ ਆਰੀਅਨ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਕਰੂਜ਼ ਦੇ ਪ੍ਰਬੰਧਕਾਂ ਨੇ ਇਕ ਈਵੈਂਟ ਲਈ ਸੱਦਿਆ ਸੀ ਤੇ ਛਾਪੇ ਦੌਰਾਨ ਆਰੀਅਨ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਆਰੀਅਨ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਕਿਹਾ ਕਿ ਉਹ ਜਲਦੀ ਹੀ ਜ਼ਮਾਨਤ ਅਰਜ਼ੀ ਦਾਖ਼ਲ ਕਰਨਗੇ।
ਆਰੀਅਨ ‘ਤੇ ਪਾਬੰਦੀਸ਼ੁਦਾ ਨਸ਼ਾ ਆਪਣੇ ਕੋਲ ਰੱਖਣ ਤੇ ਉਸ ਦੇ ਸੇਵਨ ਦਾ ਦੋਸ਼ ਹੈ। ਇਸ ਕੇਸ ਵਿੱਚ ਸ਼ਾਮਲ ਹੋਰਨਾਂ ਦੀ ਪਛਾਣ ਮੁਨਮੁਨ ਧਮੇਚਾ, ਨੁਪੁਰ ਸਾਰਿਕਾ, ਇਸ਼ਮੀਤ ਸਿੰਘ, ਮੋਹਕ ਜਸਵਾਲ, ਵਿਕਰਾਂਤ ਛੋਕਰ, ਗੋਮਿਤ ਚੋਪੜਾ ਤੇ ਅਰਬਾਜ਼ ਮਰਚੈਂਟ ਵਜੋਂ ਦੱਸੀ ਗਈ ਹੈ। ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਇਨ੍ਹਾਂ ਕੋਲੋਂ ਐੱਮਡੀਐੱਮਏ, ਐਕਸਟੇਸੀ, ਕੋਕੀਨ, ਐੱਮਡੀ ਤੇ ਚਰਸ ਦੇ ਰੂਪ ਵਿੱਚ ਵੱਖ ਵੱਖ ਤਰ੍ਹਾਂ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਐਂਟੀ-ਡਰੱਗ ਏਜੰਸੀ ਨੇ ਡਰੱਗਜ਼ ਪਾਰਟੀ ਦੇ ਸਬੰਧ ਵਿੱਚ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਕਰੂਜ਼ ‘ਤੇ ਡਰੱਗਜ਼ ਪਾਰਟੀ ਚੱਲਣ ਦੀ ਸੂਹ ਮਿਲੀ ਸੀ, ਜਿਸ ਮਗਰੋਂ ਐੱਨਸੀਬੀ ਟੀਮ ਨੇ ਆਪਣੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇਡੇ ਦੀ ਅਗਵਾਈ ਵਿੱਚ ਮੁੰਬਈ ਤੋਂ ਗੋਆ ਜਾ ਰਹੇ ਕੋਰਡੇਲੀਆ ਕਰੂਜ਼ ਜਹਾਜ਼ ‘ਤੇ ਸ਼ਨਿੱਚਰਵਾਰ ਸ਼ਾਮ ਨੂੰ ਛਾਪਾ ਮਾਰਿਆ, ਜਿਸ ਦੌਰਾਨ ਕੁੱਝ ਮੁਸਾਫ਼ਰਾਂ ਤੋਂ ਡਰੱਗਜ਼ ਬਰਾਮਦ ਕੀਤੇ ਗਏ। ਅਧਿਕਾਰੀ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਸਾਰੇ ਵਿਅਕਤੀਆਂ ਨੂੰ ਰਸਮੀ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਮਗਰੋਂ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਂਜ ਐੱਨਸੀਬੀ ਨੇ ਅੱਜ ਸਵੇਰੇ ਇਨ੍ਹਾਂ ਹਿਰਾਸਤੀਆਂ ਕੋਲੋਂ ਆਪਣੇ ਦਫ਼ਤਰ ਵਿੱਚ ਪੁੱਛਗਿੱਛ ਵੀ ਕੀਤੀ।
ਸੋਸ਼ਲ ਮੀਡੀਆ ‘ਤੇ ਲੀਕ ਵੀਡੀਓ ਕਲਿੱਪ ਵਿੱਚ ਆਰੀਅਨ ਖ਼ਾਨ ਐੱਨਸੀਪੀ ਦਫ਼ਤਰਾਂ ਵਿੱਚ ਕੁੱਝ ਹੋਰਨਾਂ ਨਾਲ ਬੈਠਾ ਨਜ਼ਰ ਆ ਰਿਹਾ ਹੈ। ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਆਰੀਅਨ ਸਮੇਤ ਕੁੱਝ ਹੋਰਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ।