ਡਾਲਰ ਦੇ ਮੁਕਾਬਲੇ ਰੁਪਿਆ 83.29 ਦੇ ਰਿਕਾਰਡ ਹੇਠਲੇ ਪੱਧਰ ’ਤੇ

ਮੁੁੰਬਈ, 20 ਅਕਤੂਬਰ – ਡਾਲਰ ਦੇ ਮੁਕਾਬਲੇ ਰੁਪਿਆ ਅੱਜ 83.29 ਦੇ ਰਿਕਾਰਡ ਹੇਠਲੇ ਪੱਧਰ ਨੂੰ ਪੁੱਜ ਗਿਆ, ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਖ਼ਲ ਮਗਰੋਂ ਇਹ ਕੁਝ ਸੰਭਲਿਆ ਤੇ ਅਖੀਰ ਦਿਨ ਭਰ ਦੇ ਕਾਰੋਬਾਰ ਮਗਰੋਂ 25 ਪੈਸੇ ਦੇ ਵਾਧੇ ਨਾਲ 82.75 ਦੇ ਪੱਧਰ ’ਤੇ ਬੰਦ ਹੋਇਆ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਰੁਪਏ ਵਿੱਚ ਮੁਨਾਫ਼ੇ ਨੂੰ ਹਾਲਾਂਕਿ ਕੁਝ ਬ੍ਰੇਕਾਂ ਲੱਗੀਆਂ। ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ਵਿੱਚ ਅੱਜ ਰੁਪਿਆ 83.05 ਦੇ ਪੱਧਰ ’ਤੇ ਖੁੱਲ੍ਹਿਆ ਸੀ। ਇਸ ਦੌਰਾਨ ਮੁਕਾਮੀ ਕਰੰਸੀ 83.29 ਨਾਲ ਰਿਕਾਰਡ ਹੇਠਲੇ ਪੱਧਰ ਤੇ 82.72 ਨਾਲ ਸਿਖਰਲੇ ਪੱਧਰ ’ਤੇ ਵੀ ਗਈ। ਆਖਿਰ ਨੂੰ ਆਰਬੀਆਈ ਦੇ ਦਖ਼ਲ ਨਾਲ ਰੁਪਿਆ 25 ਪੈਸੇ ਦੀ ਮਜ਼ਬੂਤੀ ਨਾਲ 82.75 ਦੇ ਪੱਧਰ ’ਤੇ ਬੰਦ ਹੋਇਆ। ਰੁਪਏ ਦੀ ਮਜ਼ਬੂਤੀ ਦਾ ਅਸਰ ਸ਼ੇਅਰ ਬਾਜ਼ਾਰ ਵਿੱਚ ਵੀ ਨਜ਼ਰ ਆਇਆ, ਜਿੱਥੇ 30 ਸ਼ੇਅਰਾਂ ਵਾਲਾ ਬੀਐੱਸਈ ਦਾ ਸੈਂਸੈਕਸ 95.71 ਨੁਕਤਿਆਂ ਦੇ ਵਾਧੇ ਨਾਲ 59,202.90 ’ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 51.70 ਨੁਕਤਿਆਂ ਦੇ ਇਜ਼ਾਫੇ ਨਾਲ 17,563.95 ਨੂੰ ਪੁੱਜ ਗਿਆ।