ਢੋਲ ਦੇ ਡੱਗੇ ਦਾ ਸ਼ੌਂਕੀ ਸ. ਨਵਜੀਵਨ ਸਿੰਘ (ਵਲਿੰਗਟਨ)

ਆਕਲੈਂਡ – ਅੱਜ ਤੁਹਾਨੂੰ ਹੁਸ਼ਿਆਰਪੁਰ ਸ਼ਹਿਰ ਵਿੱਚ ਪ੍ਰਵਾਨ ਚੜੇ, ਉਸਤਾਦ ਜਗਤਾਰ ਜੀ ਦੇ ਚੰਡੇ ਹੋਏ ਸ਼ਗਿਰਦ ਸ. ਨਵਜੀਵਨ ਸਿੰਘ ਦੇ ਰੂ-ਬ-ਰੂ ਕਰਵਾਉਂਦੇ ਹਾਂ। ਭੰਗੜਾ ਤਾਂ ਉਸਦੇ ਕਣ-ਕਣ ਵਿੱਚ ਵਸਿਆ ਹੋਇਐ, ਉਸਦੇ ਘਰਦਿਆਂ ਦੇ ਦੱਸਣ ਅਨੁਸਾਰ ਤਿੰਨ ਸਾਲ ਦੀ ਉਮਰ ਵਿੱਚ ਉਹ ਤਾਲ ਵਿੱਚ ਭਾਂਡੇ ਖੜਕਾਉਂਦਾ। ਭੰਗੜਾ ਸਿੱਖਣ ਉਪਰੰਤ ਉਸਨੇ ਢੋਲ ਸਿੱਖਣ ਲਈ ਕਰੜਾ ਰਿਆਜ਼ ਕੀਤਾ। ‘ਕ੍ਰੇਜ਼ੀ ਇੰਡੀਅਨ ਡ੍ਰਮਰ’ ਦੇ ਨਾਂ ਉੱਤੇ ਸਾਰਾ ਵਲਿੰਗਟਨ ਉਸਨੂੰ ਜਾਣਦੈ। ਪੰਜਾਬੀ ਲੋਕ-ਬੋਲੀਆਂ, ਅਫਰੀਕਨ ਲੋਕ-ਨਾਚ ਅਤੇ ਸੰਗੀਤ ਦੀ ਵਿਸ਼ਾਲ ਜਾਣਕਾਰੀ ਨਾਲ ਭਰਪੂਰ ਸ਼ਖਸ਼ੀਅਤ ਹੈ ਨਵਜੀਵਨ। ਅੰਗ੍ਰੇਜ਼ੀ ਵਿੱਚ ਕਵਿਤਾ ਲਿਖਣਾ ਉਸਦਾ ਸ਼ੌਂਕ ਹੈ। ਆਕਲੈਂਡ ਦੀਆਂ ਕਈ ਮਹਿਫਿਲਾਂ ਵਿੱਚ ਉਹ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ। ਉਸਦੀ ਕਲਾ ਦੇ ਰੰਗ, ਸਰੋਤਿਆਂ ਦੀ ਰੂਹ ਨੂੰ ਛੂਹ ਜਾਂਦੇ ਹਨ। ਸਾਬਤ-ਸੂਰਤ ਦਿੱਖ, ਤੇੜ ਚਾਦਰਾ, ਬਿੱਲੀਆਂ ਅੱਖਾਂ ਤੇ ਅੰਬਰਾਂ ਨਾਲ ਗੱਲ ਕਰਦਾ ਉਹਦੀ ਪੱਗ ਦਾ ਫਰਲਾ (ਟੌਰਾ) ਉਸਨੂੰ ਵਲਿੰਗਟਨ ਦੇ ਵਸਨੀਕਾਂ ਵਿੱਚ ਨਿਵੇਕਲੀ ਦਿੱਖ ਪ੍ਰਦਾਨ ਕਰਦਾ ਹੈ। ਪਿਛਲੇ ਦਿਨੀਂ ‘ਨੱਚਦਾ ਪੰਜਾਬ’ ਆਕਲੈਂਡ ਵਲੋਂ ਉਸਦੀ ਅਗਵਾਈ ਹੇਠ ਰਗਬੀ ਵਰਲਡ ਕੱਪ ਦੌਰਾਨ ਵਲਿੰਗਟਨ ਵਿੱਚ ਪੇਸ਼ਕਾਰੀ ਕੀਤੀ ਗਈ। ਯਾਰਾਂ ਦੇ ਯਾਰ ਨਵਜੀਵਨ ਤੋਂ ਭਵਿੱਖ ਵਿੱਚ ਬਹੁਤ ਆਸਾਂ ਹਨ। ਆਪਣੇ ਵਿਹਾਰ ਅਤੇ ਕਲਾ ਦੀ ਨਿਪੁੰਨਤਾ ਦੇ ਮੱਦੇਨਜ਼ਰ ਉਹ ਆਪਣੇ ਪਿਆਰਿਆਂ ਦਾ ਅਜ਼ੀਜ਼ ਬਣਿਆ ਹੋਇਆ ਹੈ।