ਤਲਵੰਡੀ ਸਾਬੋ ਥਰਮਲ ਪਲਾਂਟ 25 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਹੋਵੇਗਾ- ਸੁਖਬੀਰ

‘ਮੇਰੇ ਸ਼ਬਦਾਂ ਨਾਲੋਂ ਮੇਰਾ ਕੰਮ ਬੋਲਦਾ ਹੈ’
ਤਲਵੰਡੀ ਸਾਬੋ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ 25 ਨਵੰਬਰ ਨੂੰ 1980 ਮੈਗਾਵਾਟ ਦੀ ਸਮਰੱਥਾ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਇੱਥੇ 11 ਨਵੰਬਰ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਥਰਮਲ ਪਲਾਂਟ ਦੀ ਕੁੱਲ ਲਾਗਤ 11000 ਕਰੋੜ  ਰੂਪੈ ਹੈ ਅਤੇ ਉਦਘਾਟਨ ਪਿੱਛੋਂ ਇਸ ਦਾ 660 ਮੈਗਾਵਾਟ ਦਾ ਪਹਿਲਾ ਯੂਨਿਟ ਉਤਪਾਦਨ ਤੁਰੰਤ ਉਤਪਾਦਨ ਚਾਲੂ ਕਰ ਦੇਵੇਗਾ। ਸ. ਬਾਦਲ ਨੇ ਨਾਲ ਹੀ ਦੱਸਿਆ ਕਿ 1400 ਮੈਗਾਵਾਟ ਦੀ ਸਮਰੱਥਾ ਵਾਲਾ ਥਰਮਲ ਪਲਾਂਟ ਵੀ ਇਸੇ ਸਾਲ 8 ਦਸੰਬਰ ਨੂੰ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਪੁਰਾ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਇਸੇ ਦਿਨ 700 ਮੈਗਾਵਾਟ ਬਿਜਲੀ ਉਤਪਾਦਨ ਕਰੇਗਾ।
ਸ. ਬਾਦਲ ਨੇ ਕਿਹਾ ਕਿ ਜਦ ਅਕਾਲੀ ਭਾਜਪਾ ਸਰਕਾਰ ਨੇ 2007 ਵਿੱਚ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਸੂਬੇ ਵਿੱਚ ਬਿਜਲੀ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਸੀ ਤੇ ਉਸੇ ਦਿਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਅਹਿਦ ਲਿਆ ਗਿਆ ਸੀ। ਸ. ਬਾਦਲ ਨੇ ਕਿਹਾ ਕਿ ‘ਬਿਜਲੀ ਕਿਸੇ ਵੀ ਸੂਬੇ ਦੀ ਤਰੱਕੀ ਦਾ ਆਧਾਰ ਹੈ, ਕਿਉਂ ਦੋ ਖੇਤੀ ਉਤਪਾਦਨ ਤੋਂ ਲੈ ਕੇ ਸਨਅਤੀ ਉਤਪਾਦਨ ਇਸੇ ‘ਤੇ ਨਿਰਭਰ ਹੈ ।ਉਨ੍ਹਾਂ ਕਿਹਾ ਕਿ ‘ਮੇਰੇ ਸ਼ਬਦਾਂ ਨਾਲੋਂ ਮੇਰਾ ਕੰਮ ਬੋਲਦਾ ਹੈ’,  ਉਨ੍ਹਾਂ ਕਿਹਾ ਕਿ ‘ਜਦ ਮੈਂ ਕਿਹਾ ਸੀ ਕਿ ਪੰਜਾਬ ਨੂੰ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਜਾਵੇਗਾ ਤਾਂ ਕਾਂਗਰਸੀਆਂ ਨੇ ਇਸ ਨੂੰ ਦਿਨੇ ਸੁਪਨੇ ਵੇਖਣਾ ਕਿਹਾ ਸੀ ਤੇ ਅੱਜ ਕਰੜੀ ਮਿਹਨਤ ਤੇ ਅਣਥੱਕ ਯਤਨਾਂ ਪਿੱਛੋਂ ਪੰਜਾਬ ਵਾਧੂ ਬਿਜਲੀ ਵਾਲਾ ਰਾਜ ਬਣਨ ਦੇ ਕੰਢੇ ਹੈ’।
ਉਨ੍ਹਾਂ ਨਾਲ ਹੀ ਕਿਹਾ ਕਿ ਰਾਜਪੁਰਾ, ਗੋਇੰਦਵਾਲ ਸਾਹਿਬ ਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦਾ ਪ੍ਰਬੰਧ ਹੋ ਚੁੱਕਾ ਹੈ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਰਾਹੀਂ ਉਤਪਾਦਿਤ ਬਿਜਲੀ ਬਹੁਤ ਹੀ ਵਾਜਬ ਰੇਟ ‘ਤੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਮੁਕੰਮਲ ਉਤਪਾਦਨ ਸ਼ੁਰੂ ਹੁੰਦੇ ਹੀ ਬਿਜਲੀ ਦੇ ਵਰਤਮਾਨ ਭਾਅ ਵਿਚ ਕਮੀ ਕੀਤੀ ਜਾਵੇਗੀ।
ਸ. ਬਾਦਲ ਨੇ ਕਿਹਾ ਕਿ ਹੁਣ ਜਦ ਬਿਜਲੀ ਉਤਪਾਦਨ ਵੱਲ ਸੂਬੇ ਨੇ ਵੱਡੀ ਪੁਲਾਂਘ ਪੁੱਟੀ ਹੈ ਤ ਸਾਡਾ ਅਗਲਾ ਮਕਸਦ ਬਿਜਲੀ ਸੁਧਾਰਾਂ ਵੱਲ ਹੈ, ਜਿਸ ਤਹਿਤ ਟਰਾਂਸਮਿਸ਼ਨ ਲਾਸ 20.12 ਫੀਸਦੀ ਤੋਂ ਘਟਾ ਕੇ 16.72 ਫੀਸਦੀ ਤੱਕ ਲਿਆਂਦੇ ਗਏ ਹਨ ਜੋ ਕਿ ਅੱਗੋਂ 2015-16 ਤੱਕ 15 ਫੀਸਦੀ ਤੱਕ ਲਿਆਂਦੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਊਰਜਾ ਵਿਭਾਗ ਦੇ ਸਕੱਤਰ ਸ੍ਰੀ ਅਨੁਰਿਧ ਤਿਵਾੜੀ, ਪਾਵਰਕੌਮ ਦੇ ਚੇਅਰਮੈਨ ਕੇ.ਡੀ. ਚੌਧਰੀ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।