ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਪਹਿਲਾ ‘ਖੂਨ ਦਾਨ ਕੈਂਪ’

ਆਕਲੈਂਡ – 20 ਨਵੰਬਰ ਦਿਨ ਬੁੱਧਵਾਰ ਨੂੰ ‘ਮੈਨੁਕਾਓ ਬਲੱਡ ਡੋਨਰ ਸੈਂਟਰ’ ਵਿਖੇ ਨਵੇਂ ਹੋਂਦ ਵਿੱਚ ਆਏ ‘ਮਾਝਾ ਸਪੋਰਟਸ ਐਂਡ ਕਲਚਰਲ ਕਲੱਬ’ ਵਲੋਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ‘ਚ ਇਕ ਵਿਸ਼ੇਸ਼ ‘ਖੂਨ ਦਾਨ ਕੈਂਪ’ ਲਗਾਇਆ ਗਿਆ। ਇਹ ਕੈਂਪ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਚੱਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਜਰਨੈਲ ਸਿੰਘ ਸਮਰਾ ਨੇ ਦੱਸਿਆ ਕਿ ਬਲੱਡ ਸੈਂਟਰ ਵਿੱਚ ੭੫ ਯੂਨਿਟ ਖੂਨ ਜਮ੍ਹਾ ਹੋਇਆ। ਜਦੋਂ ਕਿ ਖੂਨ ਦਾਨ ਕਰਨ ਦੇ ਲਈ ਲਗਭਗ 250 ਰਜਿਸਟ੍ਰੇਸ਼ਨ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਇਸ ਵਾਰੀ ਨੰਬਰ ਨਹੀਂ ਆਇਆ ਉਹ ਅਗਲੀ ਵਾਰੀ ਖੂਨ ਦਾਨ ਕਰ ਸਕਦੇ ਹਨ। ਮਾਝਾ ਕਲੱਬ ਦੇ ਪ੍ਰਬੰਧਕਾਂ ਵਲੋਂ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ, ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ, ਸਾਂਝ ਸਪੋਰਟਸ ਕਲਚਰਲ ਕਲੱਬ ਅਤੇ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਦਾ ਪਹਿਲਾ ਖੂਨ ਦਾਨ ਕੈਂਪ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੱਬ ਅੱਗੋਂ ਤੋਂ ਵੀ ਅਜਿਹੇ ਉਪਰਾਲੇ ਕਰਦਾ ਰਹੇਗਾ।