ਸ਼ੋਕ ਸਮਾਚਾਰ: ਕੂਕ ਪੰਜਾਬੀ ਸਮਾਚਾਰ ਦੇ ਪਰਿਵਾਰ ਨੂੰ ਸਦਮਾ ਬੀਜੀ ਤਰਸੇਮ ਕੌਰ ਨਹੀਂ ਰਹੇ

ਆਕਲੈਂਡ, 15 ਮਾਰਚ – ਅੱਜ ਉਸ ਵੇਲੇ ‘ਕੂਕ ਪੰਜਾਬੀ ਸਮਾਚਾਰ’ ਦੇ ਪਰਿਵਾਰ ਨੂੰ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਬੀਜੀ ਸ. ਤਰਸੇਮ ਕੌਰ (92) ਇੱਥੇ ਦੇ ਮਿਡਲਮੋਰ ਹਸਪਤਾਲ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ 30 ਜਨਵਰੀ ਦਿਨ ਮੰਗਲਵਾਰ ਨੂੰ ਘਰੇ ਹੀ ਡਿੱਗਣ ਕਰਕੇ ਪੈਰ ‘ਤੇ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ‘ਚ ਸਨ। ਉਨ੍ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਸਾਹਮਣੇ ਆਖ਼ਰੀ ਸਾਹ ਲਿਆ। ਬੀਜੀ ਤਰਸੇਮ ਕੌਰ ਆਪਣੇ ਪਿੱਛੇ ਤਿੰਨ ਪੁੱਤਰ, ਦੋ ਧੀਆਂ, ਨੂੰਹਾਂ ਅਤੇ ਪੋਤੇ-ਪੋਤੀਆਂ ਛੱਡ ਗਏ ਹਨ।
ਜ਼ਿਕਰਯੋਗ ਹੈ ਕਿ ਬੀਜੀ ਤਰਸੇਮ ਕੌਰ ਜੀ 1995 ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਆਏ ਸਨ ਅਤੇ 1997 ਤੋਂ ਉਹ ਪੱਕੇ ਤੌਰ ‘ਤੇ ਆਪਣੇ ਪਰਿਵਾਰ ਸ. ਸੁਰਿੰਦਰ ਸਿੰਘ ਸੈਣੀ, ਸ. ਤੇਜਬੀਰ ਸਿੰਘ (ਡਾਇਰੈਕਟਰ, ਕੂਕ ਪੰਜਾਬੀ ਸਮਾਚਾਰ), ਧੀ ਕੁਲਵੰਤ ਕੌਰ (ਡਾਇਰੈਕਟਰ, ਕੂਕ ਪੰਜਾਬੀ ਸਮਾਚਾਰ) ਅਤੇ ਸ. ਅਮਰਜੀਤ ਸਿੰਘ (ਐਡੀਟਰ/ਡਾਇਰੈਕਟਰ, ਕੂਕ ਪੰਜਾਬੀ ਸਮਾਚਾਰ) ਨਾਲ ਰਹਿ ਰਹੇ ਸਨ। ਬੀਜੀ ਤਰਸੇਮ ਕੌਰ ਦੀ ਇੱਕ ਧੀ ਕੁਲਦੀਪ ਕੌਰ ਨਵੀਂ ਦਿੱਲੀ ਵਿਖੇ ਰਹਿੰਦੇ ਹਨ ਜੋ ਕੱਲ੍ਹ ਸ਼ਨੀਵਾਰ ਰਾਤੀ ਇੱਥੇ ਇਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ, ਪਰ ਇਸ ਤੋਂ ਪਹਿਲਾਂ ਹੀ ਬੀਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੀਜੀ ਤਰਸੇਮ ਕੌਰ ਹੋਣਾਂ ਦੇ ਪਤੀ ਸਵ. ਸ. ਗੁਰਬਚਨ ਸਿੰਘ 1999 ਵਿੱਚ ਹੀ ਆਕਲੈਂਡ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਬੀਜੀ ਤਰਸੇਮ ਕੌਰ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਕਾਂਗੜੀ ਤੋਂ ਸੀ ਅਤੇ ਸਹੁਰਾ ਪਰਿਵਾਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਗਹੋਤਾ ਸੀ। ਪਰ ਉਨ੍ਹਾਂ ਦਾ ਬਹੁਤਾ ਸਮਾਂ ਨਵੀਂ ਦਿੱਲੀ ਅਤੇ ਆਕਲੈਂਡ ਵਿਖੇ ਹੀ ਬੀਤਿਆ।
ਬੀਜੀ ਤਰਸੇਮ ਕੌਰ ਜੀ ਦੇ ਅੰਤਿਮ ਸੰਸਕਾਰ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਏਗਾ। ਪਰਿਵਾਰ ਨਾਲ ਸੰਪਰਕ ਕਰਨ ਲਈ ਤੁਸੀਂ ਸ. ਤੇਜਵੀਰ ਸਿੰਘ ਨਾਲ 021 124 4213, ਕੁਲਵੰਤ ਕੌਰ ਨਾਲ 021 121 7492 ਅਤੇ ਅਮਰਜੀਤ ਸਿੰਘ ਨਾਲ 021 028 30967 ਉੱਤੇ ਗੱਲ ਕਰ ਸਕਦੇ ਹੋ।