ਆਕਲੈਂਡ, 26 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਪਾਪਾਟੋਏਟੋਏ ਵਿਖੇ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਵੱਲੋਂ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਿਟੀ (NZQA) ਅਧੀਨ ਪ੍ਰਾਈਵੇਟ ਟਰੇਨਿੰਗ ਐਸਟੈਬਲਿਸ਼ਮੈਂਟ ਵਜੋਂ ਰਜਿਸਟ੍ਰੇਸ਼ਨ ਅਤੇ Certificate In Panjabi Language (Level 3) ਦੀ ਮਨਜ਼ੂਰੀ ਦੀ ਇਤਿਹਾਸਕ ਪ੍ਰਾਪਤੀ ਨੂੰ ਸਮਰਪਿਤ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਆਰੰਭਤਾ ISSNZ ਦੇ ਵਿਦਿਆਰਥੀਆਂ ਵੱਲੋਂ ਸਲੋਕ ਮਹੱਲਾ 9 ਦੇ ਪਾਠ ਕੀਤਾ ਗਿਆ। ਇਸ ਉਪਰੰਤ ਸੰਥਿਆ ਅਧਿਆਪਕ ਭਾਈ ਮਨਦੀਪ ਸਿੰਘ ਜੀ ਵੱਲੋਂ ਰਾਗਮਾਲਾ ਦਾ ਪਾਠ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਦਾ ਪਾਠ ਕੀਤਾ। ISSNZ ਦੀ ਸੀਨੀਅਰ ਵਿਦਿਆਰਥਣ ਸੁਖਮਨ ਕੌਰ ਨੇ ਅਰਦਾਸ ਦੀ ਸੇਵਾ ਨਿਭਾਈ, ਜਿਸ ਤੋਂ ਬਾਅਦ ਹੁਕਮਨਾਮਾ ਤੇਗਰੂਪ ਸਿੰਘ ਨੇ ਲਿਆ ਗਿਆ।
ISSNZ ਦੀ ਟਰੱਸਟੀ ਬੀਬੀ ਸਰਬਜੀਤ ਕੌਰ ਨੇ ਸੰਸਥਾ ਦੇ ਦ੍ਰਿਸ਼ਟੀ, ਮਿਸ਼ਨ ਅਤੇ ਭਵਿੱਖੀ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਸਿੱਖ ਫ਼ਲਸਫ਼ੇ ਅਤੇ ਵਿਰਸੇ ਨੂੰ ਨਿਊਜ਼ੀਲੈਂਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।
ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਹਰਮਨਪ੍ਰੀਤ ਕੌਰ ਨੇ ਅਧਿਆਪਕਾਂ, ਵਿਦਿਆਰਥੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਕਲੈਂਡ, ਹੈਮਿਲਟਨ ਸਮੇਤ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀਆਂ ਸੰਸਥਾਵਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਬੀਬੀ ਨਿਰਮਲ ਕੌਰ ਨੇ ISSNZ ਦੀ ਪ੍ਰਾਪਤੀ ਨੂੰ ਦੋ ਵੱਡੇ ਇਤਿਹਾਸਕ ਮੀਲ ਪੱਥਰਾਂ ਵਜੋਂ ਪੇਸ਼ ਕੀਤਾ। ਪਹਿਲਾ ISSNZ ਦਾ ਨਿਊਜ਼ੀਲੈਂਡ ਦੀ ਪਹਿਲੀ ਸਿੱਖ ਸੰਸਥਾ ਵਜੋਂ NZQA ਕੋਲ PTE ਰਜਿਸਟਰ ਹੋਣਾ ਅਤੇ ਦੂਜਾ ਸਿੱਖ ਸੰਸਥਾ ਵੱਲੋਂ NZQA-ਮਨਜ਼ੂਰਸ਼ੁਦਾ ਪੰਜਾਬੀ ਭਾਸ਼ਾ ਪ੍ਰੋਗਰਾਮ ਪ੍ਰਦਾਨ ਕਰਨਾ। ਉਨ੍ਹਾਂ ਦੱਸਿਆ ਕਿ Certificate In Panjabi Language (Level 3) ਕੁੱਲ 60 ਕ੍ਰੈਡਿਟਾਂ ਦਾ ਪ੍ਰੋਗਰਾਮ ਹੈ ਅਤੇ ਇਹ ਕ੍ਰੈਡਿਟ ਵਿਦਿਆਰਥੀਆਂ ਦੀ NCEA ਯੋਗਤਾ ਵਿੱਚ ਯੋਗਦਾਨ ਪਾ ਸਕਦੇ ਹਨ। ਆਕਲੈਂਡ ਤੋਂ ਬਾਹਰ ਰਹਿੰਦੇ ਯੋਗ ਵਿਦਿਆਰਥੀ ਵੀ ਇਹ ਕੋਰਸ ਆਨਲਾਈਨ ਕਰ ਸਕਣਗੇ।
ਟਾਕਾਨੀਨੀ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਸ. ਖੜਗ ਸਿੰਘ ਨੇ ਇਸ ਸੰਸਥਾਗਤ ਢਾਂਚੇ ਦੀ ਸਥਾਪਨਾ ਨੂੰ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਦੱਸਿਆ ਅਤੇ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਰਾਜਨੀਤੀ, ਜਨਤਕ ਸੇਵਾ ਅਤੇ ਸਮਾਜਿਕ ਖੇਤਰਾਂ ਵਿੱਚ ਅੱਗੇ ਆ ਕੇ ਸਮੁੱਚੇ ਨਿਊਜ਼ੀਲੈਂਡ ਭਾਈਚਾਰੇ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਗਲੀ ਪੀੜ੍ਹੀ ਨੂੰ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਕਰਨਾ ਸਮੇਂ ਦੀ ਲੋੜ ਹੈ।
ਬੀਬੀ ਸਰਬਜੀਤ ਕੌਰ ਨੇ ਸਰਦਾਰ ਵਰਪਾਲ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ISSNZ ਦੀ ਸਥਾਪਨਾ ਤੋਂ ਪਹਿਲਾਂ ਵਿਚਾਰ-ਵਟਾਂਦਰੇ ਦੌਰਾਨ ਮਹੱਤਵਪੂਰਨ ਮਾਰਗਦਰਸ਼ਨ ਅਤੇ ਸਹਿਯੋਗ ਦਿੱਤਾ ਸੀ। ਸ. ਵਰਪਾਲ ਸਿੰਘ ਨੇ NZQA ਰਜਿਸਟ੍ਰੇਸ਼ਨ ਅਤੇ ਪੰਜਾਬੀ ਪ੍ਰੋਗਰਾਮ ਦੀ ਮਨਜ਼ੂਰੀ ਲਈ ISSNZ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸਿੱਖੀ ਦਾ ਸਿੱਧਾ ਅਤੇ ਪ੍ਰਮਾਣਿਕ ਗਿਆਨ ਪ੍ਰਾਪਤ ਕਰਨ ਲਈ ਸਿਖਲਾਈ ਦੇਣੀ ਚਾਹੀਦੀ ਹੈ, ਤਾਂ ਜੋ ਵਿਦੇਸ਼ਾਂ ਵਿੱਚ ਪ੍ਰਚਾਰਕਾਂ ਲਈ ਕੇਵਲ ਪੰਜਾਬ ਉੱਤੇ ਨਿਰਭਰਤਾ ਘਟਾਈ ਜਾ ਸਕੇ।
ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦਿਆਂ ਸ. ਦਲਜੀਤ ਸਿੰਘ ਨੇ ਨਿਊਜ਼ੀਲੈਂਡ ਵਿੱਚ ਪੰਜਾਬੀ ਸਿੱਖਿਆ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਕਲੈਂਡ ਵਿੱਚ ਪੰਜਾਬੀ ਦੀ ਪਹਿਲੀ ਕਲਾਸ 1978 ਵਿੱਚ ਪਾਪਾਟੋਏਟੋਏ ਪ੍ਰਾਇਮਰੀ ਸਕੂਲ ਵਿਖੇ ਲਗਾਈ ਗਈ ਸੀ। 1986 ਵਿੱਚ ਓਟਾਹੂਹੂ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਕਲਾਸਾਂ ਸ਼ੁਰੂ ਹੋਈਆਂ। ਉਨ੍ਹਾਂ ਕਿਹਾ ਕਿ ਪੰਥ ਨੂੰ ਵੱਖ-ਵੱਖ ਖੇਤਰਾਂ ਲਈ ਸਮਰਪਿਤ ਅਤੇ ਮਾਹਿਰ ਟੀਮਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਇਸ ਰਣਨੀਤੀ ਰਾਹੀਂ ਭਵਿੱਖ ਵਿੱਚ ਹੋਰ ਵੱਡੇ ਮੀਲ ਪੱਥਰ ਹਾਸਲ ਕੀਤੇ ਜਾ ਸਕਦੇ ਹਨ।
ਸਮਾਗਮ ਦੇ ਮੁੱਖ ਮਹਿਮਾਨ ਲੇਬਰ ਪਾਰਟੀ ਐਮਪੀ ਮਾਣਯੋਗ ਜੈਨੀ ਸਲੇਸਾ ਨੇ ISSNZ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਸਿੱਖ ਆਗੂਆਂ, ਸੰਸਥਾਵਾਂ ਅਤੇ ਸਮੁੱਚੇ ਭਾਈਚਾਰੇ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਦਰਜ ਕੀਤੀ ਜਾਵੇਗੀ।
ਉਨ੍ਹਾਂ ਨੇ ਨਿਰਮਲ ਕੌਰ ਦੇ ਸੰਬੋਧਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀ ਮਾਨਤਾ ਹਾਸਲ ਕਰਨ ਪਿੱਛੇ ਬਹੁਤ ਵੱਡੀ ਮਿਹਨਤ, ਲਗਨ ਅਤੇ ਸਮੂਹਿਕ ਸਹਿਯੋਗ ਹੁੰਦਾ ਹੈ।
ਦਿੱਲੀ ਤੋਂ ਆਪਣੀ ਨਿਊਜ਼ੀਲੈਂਡ ਫੇਰੇ ਉੱਤੇ ਪਹੁੰਚੇ ਭਾਈ ਅੰਗਰੇਜ਼ ਸਿੰਘ ਜੀ ਨੇ ਸਿੱਖੀ ਵਿੱਚ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਅਤੇ ISSNZ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸੰਭਾਲ ਲਈ ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਯਤਨ ਬਹੁਤ ਹੀ ਉਤਸ਼ਾਹਜਨਕ ਹਨ।
ਇਸ ਮੌਕੇ ਨਵਤੇਜ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ-ਬੋਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਨੇ ਇਸ ਇਤਿਹਾਸਕ ਮੀਲ ਪੱਥਰ ਨੂੰ ਹਾਸਲ ਕਰਨ ਲਈ ISSNZ ਦੀ ਟੀਮ ਵੱਲੋਂ ਕੀਤੇ ਗਏ ਸਮਰਪਿਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ISSNZ ਦੇ ਪ੍ਰਿੰਸੀਪਲ ਗੁਰਜੋਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਨਿਊਜ਼ੀਲੈਂਡ ਵਿੱਚ ਸਿੱਖੀ ਅਤੇ ਪੰਜਾਬੀ ਭਾਸ਼ਾ ਦੀ ਨੀਂਹ ਮਜ਼ਬੂਤ ਕਰਨ ਵਾਲੀਆਂ ਪਿਛਲੀਆਂ ਪੀੜ੍ਹੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ ਹੈਮਿਲਟਨ ਵਿੱਚ ਪਹਿਲਾ ਸਿੱਖ ਗੁਰਦੁਆਰਾ ਸਥਾਪਤ ਕਰਨ ਵਾਲੀ ਟੀਮ, ਗੁਰਦੁਆਰਾ ਸਾਹਿਬ ਤੋਂ ਬਾਹਰ ਪਹਿਲਾ ਪੰਜਾਬੀ ਸਕੂਲ ਸ਼ੁਰੂ ਕਰਨ ਵਾਲੇ ਸੇਵਾਦਾਰਾਂ, ਓਟਾਹੂਹੂ ਗੁਰਦੁਆਰਾ ਸਾਹਿਬ ਅਤੇ ਪੰਜਾਬੀ ਭਾਸ਼ਾ ਦੀ ਆਵਾਜ਼ ਨੂੰ ਘਰ-ਘਰ ਪਹੁੰਚਾਉਣ ਵਾਲੇ ਨਿਊਜ਼ੀਲੈਂਡ ਦੇ ਪੰਜਾਬੀ ਅਖ਼ਬਾਰਾਂ ਅਤੇ ਰੇਡੀਓ ਸਟੇਸ਼ਨਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਿਸੇ ਇੱਕ ਵਿਅਕਤੀ ਜਾਂ ਇੱਕ ਸੰਸਥਾ ਦੀ ਨਹੀਂ, ਸਗੋਂ ਸਮੁੱਚੇ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਹੈ। ਇਸ ਮੌਕੇ ਉਨ੍ਹਾਂ ਨੇ ਇਸ ਯਾਤਰਾ ਵਿੱਚ ਯੋਗਦਾਨ ਪਾਉਣ ਵਾਲੀ ਪੂਰੀ ISSNZ ਦੀ ਟੀਮ ਨੂੰ ਸੰਗਤ ਦੇ ਸਾਹਮਣੇ ਪੇਸ਼ ਕੀਤਾ।
ਸਮਾਗਮ ਦੌਰਾਨ ਮਾਣਯੋਗ ਲੇਬਰ ਪਾਰਟੀ ਦੀ ਐਮਪੀ ਜੈਨੀ ਸਲੇਸਾ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ. ਖੜਗ ਸਿੰਘ, ਸ. ਦਲਜੀਤ ਸਿੰਘ, ਸ. ਵਰਪਾਲ ਸਿੰਘ ਅਤੇ ਬੀਬੀ ਨਿਰਮਲ ਕੌਰ ਨੂੰ ਇਸ ਪ੍ਰੋਜੈਕਟ ਅਤੇ ਭਾਈਚਾਰੇ ਲਈ ਨਿਭਾਈ ਮਹੱਤਵਪੂਰਨ ਭੂਮਿਕਾ ਵਾਸਤੇ ਸਨਮਾਨ ਦਿੱਤਾ ਗਿਆ।
ਸਮਾਗਮ ਦੀ ਸਮਾਪਤੀ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਚਮਕੌਰ ਸਿੰਘ ਅਤੇ ISSNZ ਵੱਲੋਂ ਬੀਬੀ ਚਰਨਜੀਤ ਕੌਰ ਨੇ ਸਾਰੀਆਂ ਸਹਿਯੋਗੀ ਸੰਸਥਾਵਾਂ, ਮਹਿਮਾਨਾਂ, ਅਧਿਆਪਕਾਂ, ਸੇਵਾਦਾਰਾਂ, ਮਾਪਿਆਂ, ਵਿਦਿਆਰਥੀਆਂ, ਮੀਡੀਆ ਅਤੇ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਪ੍ਰਾਪਤੀ ਨੂੰ ਯਾਦਗਾਰੀ ਬਣਾਇਆ।
ISSNZ ਵੱਲੋਂ ਐਲਾਨ ਕੀਤਾ ਗਿਆ ਕਿ Certificate In Panjabi Language (Level 3) ਦੇ ਪਹਿਲੇ ਇਨਟੇਕ ਦੀ ਮਿਤੀ ਜਲਦੀ ਜਾਰੀ ਕੀਤੀ ਜਾਵੇਗੀ। ਇਹ 60 ਕ੍ਰੈਡਿਟਾਂ ਵਾਲਾ NZQA-ਮਨਜ਼ੂਰਸ਼ੁਦਾ ਪ੍ਰੋਗਰਾਮ 24 ਡਨਨੋਟਰ ਰੋਡ, ਪਾਪਾਟੋਏਟੋਏ ਵਿਖੇ ਅਤੇ ਆਕਲੈਂਡ ਤੋਂ ਬਾਹਰਲੇ ਯੋਗ ਵਿਦਿਆਰਥੀਆਂ ਲਈ ਆਨਲਾਈਨ ਵੀ ਉਪਲਬਧ ਹੋਵੇਗਾ।
Home Page ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਵੱਲੋਂ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਿਟੀ (NZQA) ਮਾਨਤਾ...







