
ਮੋਬਾਈਲ-94178 13072, E-mail: ujagarsingh48@yahoo.com
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦਾ ‘ਪਦਮ ਸ਼੍ਰੀ ਰਤਨ ਸਿੰਘ ਯਾਦਗਾਰੀ ਗੁਰਮਤਿ ਰਤਨ’ ਅਵਾਰਡ ਸ਼ੁਰੂ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ ਅਵਾਰਡ ਦੇ ਸ਼ੁਰੂ ਕਰਨ ਨਾਲ ਗੁਰਮਤਿ ਦੇ ਸਿਰਮੌਰ ਵਿਦਵਾਨਾਂ ਲਈ ਮਾਣ ਦੀ ਗੱਲ ਹੋਵੇਗੀ, ਕਿਉਂਕਿ ਭਵਿੱਖ ਵਿੱਚ ਹੋਰ ਸਾਹਿਤਕਾਰਾਂ ਨੂੰ ਵੀ ਇਹ ਅਵਾਰਡ ਦਿੱਤਾ ਜਾਵੇਗਾ। ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਦੇ ਇਸ ਫ਼ੈਸਲੇ ਨਾਲ ਗੁਰਮਤਿ ਦੇ ਵਿਦਵਾਨਾਂ ਵਿੱਚ ਉਤਸ਼ਾਹ ਪੈਦਾ ਹੋਵੇਗਾ। ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਵੱਲੋਂ ਇਹ ਪਹਿਲਾ ਅਵਾਰਡ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ ਅਤੇ ਅੰਗਰੇਜ਼ੀ ਦੇ ਸੰਸਾਰ ਪ੍ਰਸਿੱਧ ਖ਼ੋਜੀ ਵਿਦਵਾਨ ਮਰਹੂਮ ਰਤਨ ਸਿੰਘ ਜੱਗੀ ਦੇ ਧਾਰਮਿਕ/ਗੁਰਮਤਿ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਯਾਦ ਕਰਨ ਅਤੇ ਉਸ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਸਥਾਪਤ ਕੀਤਾ ਗਿਆ ਹੈ।
ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਮਈ 2025 ਵਿੱਚ ਸਵਰਗਵਾਸ ਹੋ ਗਏ ਸਨ, ਜਿਨ੍ਹਾਂ ਨੇ ਗੁਰਮਤਿ ਨਾਲ ਸੰਬੰਧਿਤ ਲਗਭਗ 100 ਪੁਸਤਕਾਂ ਪ੍ਰਕਾਸ਼ਿਤ ਕਰਕੇ ਗੁਰਮਤਿ ਤੇ ਸਾਹਿਤਕ ਖੇਤਰ ਵਿੱਚ ਨਾਮ ਕਮਾਇਆ ਸੀ। ਇਹ ਅਵਾਰਡ ‘ਪਦਮ ਸ਼੍ਰੀ ਡਾ ਰਤਨ ਸਿੰਘ ਜੱਗੀ ਯਾਦਗਾਰੀ ਚੈਰੀਟੇਬਲ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਸ਼ੁਰੂ ਕੀਤਾ ਹੈ। ਇਹ ਪਹਿਲਾ ਸਨਮਾਨ ਸ. ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੂੰ ਗੁਰਮਤਿ ਦੇ ਪ੍ਰਚਾਰ, ਪ੍ਰਸਾਰ ਤੇ ਸਿੱਖ ਦਰਸ਼ਨ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਅਤੇ ਸਮਾਜ ਸੇਵਾ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਚੋਣ ਕਰਨ ਵਾਲੀ ਜਿਊਰੀ ਲਈ ਪਦਮ ਸ਼੍ਰੀ ਰਤਨ ਸਿੰਘ ਜੱਗੀ ਵਰਗੇ ਨਾਮਵਰ ਤੇ ਕਦਾਵਰ ਗੁਰਮਤਿ ਦੇ ਖ਼ੋਜੀ ਵਿਦਵਾਨ ਦਾ ਅਵਾਰਡ ਦੇਣ ਲਈ ਉਨ੍ਹਾਂ ਦੇ ਵਿਲੱਖਣ ਯੋਗਦਾਨ ਦੇ ਪੱਧਰ ਦਾ ਵਿਅਕਤੀ ਚੁਣਨਾ ਜੋਖ਼ਮ ਭਰਿਆ ਕਾਰਜ ਸੀ, ਪ੍ਰੰਤੂ ਚੋਣ ਜਿਊਰੀ ਨੇ ਤਰਲੋਚਨ ਸਿੰਘ ਦੀ ਚੋਣ ਕਰਕੇ ਪਦਮ ਸ਼੍ਰੀ ਰਤਨ ਸਿੰਘ ਜੱਗੀ ਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਵੈਸੇ ਤਾਂ ਗੁਰਮਤਿ ਦੇ ਖੇਤਰ ਵਿੱਚ ਹੋਰ ਬਹੁਤ ਸਾਰੇ ਅਜਿਹੇ ਵਿਦਵਾਨ ਹਨ, ਜਿਨ੍ਹਾਂ ਦੇ ਯੋਗਦਾਨ ਦਾ ਵੱਖਰਾ ਅਤੇ ਵਿਸ਼ੇਸ਼ ਮਹੱਤਵ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ, ਪ੍ਰੰਤੂ ਤਰਲੋਚਨ ਸਿੰਘ ਦੀ ਦੇਣ ਆਪਣੀ ਕਿਸਮ ਦੀ ਵਿਲੱਖਣ ਹੈ। ਉਹ ਪਹਿਲਾ ਸੰਸਦ ਮੈਂਬਰ ਹੈ, ਜਿਸ ਨੇ ਰਾਜ ਸਭਾ ਦਾ ਮੈਂਬਰ ਹੁੰਦਿਆਂ, ਭਾਰਤ ਦੀ ਸੰਸਦ ਵਿੱਚ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਗਏ ਸਿੱਖ ਧਰਮ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ, ਗ਼ਰੀਬ ਦੀ ਰੱਖਿਆ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ‘ਤੇ ਰੌਸ਼ਨੀ ਪਾਉਂਦਿਆਂ, ਸਿੱਖ/ਪੰਜਾਬੀਆਂ ਦੇ ਆਜ਼ਾਦੀ ਦੇ ਸੰਗਰਾਮ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਦਿੱਤੀਆਂ ਕੁਰਬਾਨੀਆਂ ਬਾਰੇ ਦਲੇਰੀ ਨਾਲ ਤਕਰੀਰ ਕਰਕੇ ਸੰਸਦ ਮੈਂਬਰਾਂ ਦੇ ਕੰਨ੍ਹ ਖੋਲ੍ਹ ਦਿੱਤੇ ਸਨ। ਉਨ੍ਹਾਂ ਅੱਗੋਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਅਤੇ ਦਿੱਲੀ ਅਤੇ ਹੋਰ ਕੁਝ ਸ਼ਹਿਰਾਂ ਵਿੱਚ ਨਸਲਕੁਸ਼ੀ ਨੇ ਸਿੱਖਾਂ ਦੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿੱਖਾਂ/ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਕਿਸੇ ਵੀ ਸਰਕਾਰ ਨੇ ਮੁੱਲ ਨਹੀਂ ਪਾਇਆ ਜਦੋਂ ਕਿ ਸਿੱਖ ਧਰਮ ਮਾਨਵਤਾ ਦੇ ਹੱਕਾਂ ਦਾ ਰਖਵਾਲਾ ਬਣ ਕੇ ਵਿਚਰਦਾ ਆ ਰਿਹਾ ਹੈ। ਇਹ ਭਾਸ਼ਣ ਰਹਿੰਦੀ ਦੁਨੀਆ ਤੱਕ ਇਤਿਹਾਸ ਤੇ ਸਿੱਖ/ਪੰਜਾਬੀ ਵਿਰਾਸਤ ਦਾ ਹਿੱਸਾ ਬਣਿਆਂ ਰਹੇਗਾ। ਇਸ ਤੋਂ ਪਹਿਲਾਂ ਕਿਸੇ ਵੀ ਸਿੱਖ/ਪੰਜਾਬੀ ਸੰਸਦ ਮੈਂਬਰ ਨੇ ਇਤਨੀ ਦਲੇਰੀ ਨਾਲ ਭਾਰਤ ਸਰਕਾਰ ਨੂੰ ਵੰਗਾਰਿਆ ਨਹੀਂ ਸੀ। ਤਰਲੋਚਨ ਸਿੰਘ ਹਮੇਸ਼ਾ ਸਿੱਖ/ਪੰਜਾਬੀ ਹਿੱਤਾਂ ਦੀ ਪਹਿਰੇਦਾਰੀ ਕਰਦਾ ਰਹਿੰਦਾ ਹੈ। ਸੰਸਾਰ ਦੇ ਕਿਸੇ ਹਿੱਸੇ ਵਿੱਚ ਵੀ ਸਿੱਖਾਂ/ਪੰਜਾਬੀਆਂ ਨਾਲ ਕੋਈ ਵਿਤਕਰਾ ਹੁੰਦਾ ਹੈ ਤਾਂ ਤਰਲੋਚਨ ਸਿੰਘ ਉਸ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਪਹਿਲਾ ਵਿਅਕਤੀ ਹੁੰਦਾ ਹੈ। ਉਹ ਸਿੱਖ ਧਰਮ ਦੀ ਇਨਸਾਨੀਅਤ ਦੇ ਹੱਕਾਂ ਲਈ ਉਠਾਈ ਆਵਾਜ਼ ਨੂੰ ਵੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਦਾ ਰਹਿੰਦਾ ਹੈ। ਤਰਲੋਚਨ ਸਿੰਘ ਸਿੱਖ ਧਰਮ ਦੀ ਪਰੰਪਰਾਵਾਂ ਦੀ ਪਹਿਰੇਦਾਰੀ ਵੀ ਕਰਦਾ ਹੋਇਆ, ਸਿੱਖ ਸੰਗਤ ਨੂੰ ਸੁਚੇਤ ਕਰਦਾ ਰਹਿੰਦਾ ਹੈ। ਇੱਕ ਕਿਸਮ ਨਾਲ ਸਿੱਖ ਵਿਰਾਸਤ ਦਾ ਉਹ ਐਨਸਾਈਕਲੋਪੀਡੀਆ ਹੈ। ਇਸ ਦੇ ਨਾਲ ਹੀ ਸਿੱਖ ਧਰਮ ਵਿੱਚ ਆਈਆਂ ਤਰੁੱਟੀਆਂ ਬਾਰੇ ਵੀ ਆਗਾਹ ਕਰਦਾ ਰਹਿੰਦਾ ਹੈ। ਲੋਕ ਸੰਪਰਕ ਵਿਭਾਗ ਪੰਜਾਬ ਨੂੰ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਦੇ ਵਿਭਾਗ ਦੇ ਸਾਬਕਾ ਅਧਿਕਾਰੀ ਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਹੈ। ‘ਪਦਮ ਸ਼੍ਰੀ ਰਤਨ ਸੰਘ ਜੱਗੀ ਯਾਦਗਾਰੀ ਗੁਰਮਤਿ ਰਤਨ’ ਅਵਾਰਡ 27 ਜੁਲਾਈ ਦਿਨ ਸੋਮਵਾਰ 2026 ਨੂੰ ਸ਼ਾਮ ਸਾਢੇ ਪੰਜ ਵਜੇ ਪੰਜਾਬ ਕਲਾ ਪਰਿਸ਼ਦ ਦੇ ਦਫ਼ਤਰ ਰੋਜ਼ ਗਾਰਡਨ ਸੈਕਟਰ 16 ਬੀ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਦਿੱਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਗੇ। ਇਸ ਤੋਂ ਇਲਾਵਾ ਪਦਮ ਸ਼੍ਰੀ ਰਤਨ ਸਿੰਘ ਜੱਗੀ ਓਪਨ ਏਅਰ ਥੇਟਰ ਦਾ ਉਦਘਾਟਨ ਵੀ ਕੀਤਾ ਜਾਵੇਗਾ।







