ਤੀਜੀਆਂ ਨਿਊਜ਼ੀਲੈਂਡ ਸਿੱਖ ਗੇਮਜ਼ 27 ਤੇ 28 ਨਵੰਬਰ ਨੂੰ ਕਰਵਾਈਆਂ ਜਾਣਗੀਆਂ

ਟਾਕਾਨੀਨੀ (ਆਕਲੈਂਡ), 18 ਜੁਲਾਈ – ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਪ੍ਰਬੰਧਕ ਕਮੇਟੀ ਵੱਲੋਂ ਤੀਜੀਆਂ ਨਿਊਜ਼ੀਲੈਂਡ ਸਿੱਖ ਗੇਮਜ਼ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਤੀਜੀਆਂ ਨਿਊਜ਼ੀਲੈਂਡ ਸਿੱਖ ਗੇਮਜ਼ ਇਸੇ ਸਾਲ 27 ਤੇ 28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾਣਗੀਆਂ। ਦੋ ਦਿਨ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਖੇਡਾਂ ਦੇ ਨਾਲ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ ਅਤੇ ਸਟਾਲਸ ਦੇ ਨਾਲ-ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਗੇ।
ਇੱਥੇ ਬਰੂਸ ਪੁਲਮਨ ਪਾਰਕ ਦੇ ਕਾਨਫ਼ਰੰਸ ਹਾਲ ਵਿਖੇ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪਿਛਲੇ ਸਾਲ ਦੀਆਂ ਖੇਡਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਉੱਪਰ ਲਿਖੀ ਕਵਿਤਾ ਪੇਸ਼ ਕੀਤੀ। ਉਸ ਤੋਂ ਬਾਅਦ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਪ੍ਰਬੰਧਕ ਕਮੇਟੀ ਨੇ ਬਟਨ ਦਬਾ ਕੇ ਗੇਮਜ਼ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਜਿਸ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਗਿਆ।
ਸਟੇਜ ਦਾ ਸੰਚਾਲਨ ਸ. ਪਰਮਿੰਦਰ ਸਿੰਘ ਅਤੇ ਸ. ਸ਼ਰਨਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ ਅਤੇ ਆਏ ਸਾਰੇ ਭਾਈਚਾਰੇ ਦੇ ਸੱਜਣਾਂ ਦੇ ਨਾਲ ਖੇਡ ਕਲੱਬਾਂ ਦੁ ਨੁਮਾਇੰਦਿਆਂ ਅਤੇ ਮੀਡੀਆ ਕਰਮੀਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 22 ਨਵੰਬਰ ਤੋਂ 28 ਨਵੰਬਰ ਤੱਕ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਵੀ ਮਨਾਇਆ ਜਾਵੇਗਾ।
ਤਰੀਕਾਂ ਦੇ ਐਲਾਨ ਤੋਂ ਉਪਰੰਤ ਵੱਖ-ਵੱਖ ਗੁਰੂ ਘਰਾਂ, ਕਲੱਬਾਂ, ਸਪਾਂਸਰਜ਼ ਅਤੇ ਸੰਸਥਾਵਾਂ ਦੇ ਬੁਲਾਰਿਆਂ ਦੇ ਵਿਚਾਰ ਸੁਣੇ ਗਏ, ਜਿਸ ਵਿੱਚ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਸ. ਪ੍ਰਿਥੀਪਾਲ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਤੋਂ ਹੰਸ ਰਾਜ, ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਸ੍ਰੀ, ਗੁਰਦੁਆਰਾ ਸਾਹਿਬ ਨਾਨਕਸਰ, ਗੁਰਦੁਆਰਾ ਸਾਹਿਬ ਸਿੱਖ ਸੰਗਤ. ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਵੀ ਹਾਜ਼ਰੀ ਲਗਵਾਈ ਗਈ। ਇੰਡੋ ਸਪਾਈਸ ਤੋਂ ਸ. ਤੀਰਥ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪੂਰੀ ਹਮਾਇਤ ਰਹੇਗੀ ਅਤੇ ਇਸ ਵਾਰ ਐਤਵਾਰ 28 ਨਵੰਬਰ ਨੂੰ ਦੁਪਹਿਰੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਰੋਟਰੀ ਕਲੱਬ ਤੋਂ ਸ. ਕੁਲਬੀਰ ਸਿੰਘ ਨੇ ਹਮਾਇਤ ਵਾਅਦਾ ਕੀਤਾ। ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਨ੍ਹਾਂ ਖੇਡਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਤੋਂ ਇਲਾਵਾ ਮੈਡਮ ਇੰਦੂ ਬਾਜਵਾ, ਕਬੱਡੀ ਫੈਡਰੇਸ਼ਨ ਵੱਲੋਂ ਹਰਪ੍ਰੀਤ ਸਿੰਘ ਗਿੱਲ ਰਾਏਸਰ, ਵਾਇਕਾਟੋ ਸ਼ਹੀਦ-ਏ-ਆਜ਼ਮ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਸ. ਜਰਨੈਲ ਸਿੰਘ ਰਾਹੋਂ, ਮਨਪ੍ਰੀਤ ਕੌਰ ਸਿੱਧੂ ਅਤੇ ਖੁਸ਼ਮੀਤ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਕੁੱਝ ਕਲੱਬਾਂ ਦੇ ਵੀਡੀਓ ਸੁਨੇਹੇ ਵੀ ਦਿਖਾਏ ਗਏ, ਜਿਨ੍ਹਾਂ ਵਿੱਚ ਮੈਟਰੋ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ, ਬੇਅ ਆਫ਼ ਪਲੈਂਟੀ ਕਲੱਬ ਤੋਂ ਸ. ਚਰਨਜੀਤ ਸਿੰਘ ਦੁੱਲਾ ਅਤੇ ਮਾਲਵਾ ਸਪੋਰਟਸ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ ਸ਼ਾਮਿਲ ਸਨ। ਅਖੀਰ ਦੇ ਵਿੱਚ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।