ਤੀਰਅੰਦਾਜ਼ੀ: ਪਾਰਥ ਸਾਲੁੰਖੇ ਯੂਥ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ

ਲਿਮਰਿਕ (ਆਇਰਲੈਂਡ), 10 ਜੁਲਾਈ – ਪਾਰਥ ਸਾਲੁੰਖੇ ਯੂਥ ਵਰਲਡ ਚੈਂਪੀਅਨਸ਼ਿਪ ਦੇ ਰਿਕਰਵ ਵਰਗ ਵਿੱਚ ਸੋਨ ਤਗਮਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਬਣ ਗਿਆ ਹੈ। ਉਸ ਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਆਪਣੀ ਚੁਣੌਤੀ 11 ਤਗਮਿਆਂ ਨਾਲ ਸਮਾਪਤ ਕੀਤੀ। ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਪਾਰਥ ਸਾਲੁੰਖੇ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿੱਚ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।
ਰੈਂਕਿੰਗ ਗੇੜ ਵਿੱਚ ਸਿਖ਼ਰ ’ਤੇ ਰਹਿਣ ਵਾਲੇ ਸਾਲੁੰਖੇ ਨੇ 7ਵਾਂ ਦਰਜਾ ਪ੍ਰਾਪਤ ਸੋਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਸਖਤ ਮੁਕਾਬਲੇ ਵਿੱਚ 7-3 (26-26, 25-28, 28-26, 29-26, 28-26) ਨਾਲ ਹਰਾਇਆ। ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਵਰਗ ਵਿੱਚ ਵੀ ਕਾਂਸੀ ਦਾ ਤਗਮਾ ਜਿੱਤਿਆ। ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ ਵਿੱਚ ਭਜਨ ਕੌਰ ਨੇ ਚੀਨੀ ਤਾਇਪੇ ਦੀ ਸੂ ਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਚੁਣੌਤੀ 6 ਸੋਨ ਤਗਮਿਆਂ, 1 ਚਾਂਦੀ ਤੇ 4 ਕਾਂਸੀ ਦੇ ਤਗਮਿਆਂ ਨਾਲ ਸਮਾਪਤ ਹੋਈ ਜੋ ਕੁੱਲ ਤਗਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਸੀ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ ਵਿੱਚ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਕੋਰੀਆ ਨੇ 6 ਸੋਨ ਤਗਮਿਆਂ ਤੇ 4 ਚਾਂਦੀ ਦੇ ਤਗਮਿਆਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ।