ਤੁਰਕੀ ਦੇ ਇਸਤਾਂਬੁਲ ’ਚ ਬੰਬ ਧਮਾਕਾ, 6 ਵਿਅਕਤੀਆਂ ਦੀ ਮੌਤ

ਇਸਤਾਂਬੁਲ, 13 ਨਵੰਬਰ – ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨੇ ਕਿਹਾ ਕਿ ਇਸਤਾਂਬੁਲ ਵਿੱਚ ਪੈਦਲ ਚਲਦੇ ਰਾਹਗੀਰਾਂ ਲਈ ਬਣਾਏ ਪ੍ਰਮੁੱਖ ਆਮ ਰਸਤੇ ’ਤੇ ‘ਬੰਬ ਹਮਲੇ’ ਨਾਲ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਅਰਦੋਗਾਂ ਨੇ ਧਮਾਕੇ ਨੂੰ ‘ਵਿਸ਼ਵਾਸਘਾਤੀ ਹਮਲਾ’ ਦੱਸਦਿਆਂ ਕਿਹਾ ਕਿ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਰਦੋਗਾਂ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਨੇ ਹਸਪਤਾਲ ’ਚ ਦਮ ਤੋੜਿਆ। ਇਸਤਾਂਬੁਲ ਦੇ ਰਾਜਪਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਮਲੇ ’ਚ 54 ਵਿਅਕਤੀ ਜ਼ਖਮੀ ਹੋਏ ਹਨ।
ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 4.20 ਵਜੇ ਤਕਸੀਮ ਸਕੁਏਅਰ ਇਲਾਕੇ ਦੀ ਇਕ ਸ਼ਾਪਿੰਗ ਸਟ੍ਰੀਟ ‘ਤੇ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਧਮਾਕਾ ਹੈ। ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਲੋਕਾਂ ਨਾਲ ਭਰੀ ਇਸ ਸੜਕ ‘ਤੇ ਅਚਾਨਕ ਅੱਗ ਦਾ ਗੋਲਾ ਦਿਖਾਈ ਦੇ ਰਿਹਾ ਹੈ।