ਥਾਈਲੈਂਡ ਗੁਫ਼ਾ ਵਿੱਚੋਂ ਸਾਰੇ ਬੱਚਿਆਂ ਤੇ ਕੋਚ ਨੂੰ ਸੁਰੱਖਿਅਤ ਬਾਹਰ ਕੱਢੇ

ਮਏ ਸਾਈ, 11 ਜੁਲਾਈ – 10 ਜੁਲਾਈ ਨੂੰ ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿੱਚ ਫਸੇ 12 ਬੱਚਿਆਂ ਅਤੇ 1 ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜੰਗੀ ਪੱਧਰ ਉੱਤੇ ਚਲਾਏ ਗਏ ਅਪਰੇਸ਼ਨ ਦੇ ਤਹਿਤ ਇਸ ਗੁਫ਼ਾ ਵਿੱਚ ਫਸੇ ਹੋਏ ਜੂਨੀਅਰ ਫੁੱਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ 18 ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ 4 ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸੀ। ਦੁਨੀਆ ਭਰ ਦਾ ਧਿਆਨ ਖਿੱਚਣ ਵਾਲੇ ਇਸ ਬਹੁਤ ਹੀ ਮੁਸ਼ਕਲ ਬਚਾਓ ਅਪਰੇਸ਼ਨ ਦੌਰਾਨ 8 ਖਿਡਾਰੀਆਂ ਨੂੰ ਬੀਤੇ ਦੋ ਦਿਨਾਂ ਦੌਰਾਨ ਬਾਹਰ ਕੱਢਿਆ ਗਿਆ ਸੀ। ਪੂਰੀ ਦੁਨੀਆ ਦੀਆਂ ਦੁਆਵਾਂ ਜਾਰੀ ਰਹੀਆਂ।
ਬਚਾਓ ਅਪਰੇਸ਼ਨ ਨੂੰ ਅੱਜ 8 ਨਾਮੀ ਵਿਦੇਸ਼ੀ ਗ਼ੋਤਾਖ਼ੋਰਾਂ ਤੇ ਥਾਈ ਨੇਵੀ ਸੀਲ ਦੇ ਜਵਾਨਾਂ ਨੇ ਪਾਣੀ ਭਰੇ ਔਖੇ ਰਸਤੇ ਰਾਹੀਂ ਅੰਜਾਮ ਦਿੱਤਾ। ਨੇਵੀ ਸੀਲ ਨੇ ਅਪਰੇਸ਼ਨ ਸਫਲ ਹੋਣ ਪਿੱਛੋਂ ਫੇਸਬੁੱਕ ਰਾਹੀਂ ਦਿੱਤੀ ਜਾਣਕਾਰੀ ਵਿੱਚ ਕਿਹਾ, ‘ਸਾਰੇ 12 ਵਾਈਲਡ ਬੋਰਜ਼ ਤੇ ਉਨ੍ਹਾਂ ਦੇ ਕੋਚ ਨੂੰ ਕੱਢ ਲਿਆ ਗਿਆ ਹੈ’। ਗੌਰਤਲਬ ਹੈ ਕਿ ਇਨ੍ਹਾਂ ਦੀ ਫੁੱਟਬਾਲ ਟੀਮ ਦਾ ਨਾਂ ਵਾਈਲਡ ਬੋਰ ਹੈ। ਪੋਸਟ ਵਿੱਚ ਲਿਖਿਆ ਹੈ, ‘ਸਾਰੇ ਠੀਕ-ਠਾਕ ਹਨ’। ਖਿਡਾਰੀਆਂ ਦੀ ਉਮਰ 11 ਤੋਂ 16 ਸਾਲਾਂ ਦਰਮਿਆਨ ਸੀ, ਜਿਹੜੇ ਬੀਤੀ 23 ਜੂਨ ਨੂੰ ਫੁੱਟਬਾਲ ਪ੍ਰੈਕਟਿਸ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਤੇ ਭਾਰੀ ਬਾਰਸ਼ ਕਾਰਨ ਗੁਫ਼ਾ ਵਿੱਚ ਫਸ ਗਏ।
9 ਦਿਨਾਂ ਬਾਅਦ 2 ਬ੍ਰਿਟਿਸ਼ ਗ਼ੋਤਾਖ਼ੋਰਾਂ ਨੇ ਇਨ੍ਹਾਂ ਦਾ ਪਤਾ ਲਾਇਆ ਤੇ ਇਨ੍ਹਾਂ ਤੱਕ ਪੁੱਜੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਣ ਲਈ ਕਈ ਤਰ੍ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ 1 ਗ਼ੋਤਾਖ਼ੋਰ ਦੀ ਜਾਨ ਵੀ ਜਾਂਦੀ ਰਹੀ। ਇਨ੍ਹਾਂ ਤੱਕ ਪੁੱਜਣ ਲਈ ਪਹਾੜ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ ਪਰ ਆਖ਼ਰ ਇਨ੍ਹਾਂ ਨੂੰ ਗੁਫ਼ਾ ਦੇ ਆਮ ਰਸਤੇ ਰਾਹੀਂ ਹੀ ਬਾਹਰ ਕੱਢਿਆ ਗਿਆ।