ਥੋਕ ਮਹਿੰਗਾਈ ਦਰ ਚਾਰ ਮਹੀਨਿਆਂ ਦੇ ਸਿਖਰਲੇ ਪੱਧਰ ‘ਤੇ ਪਹੁੰਚੀ

ਨਵੀਂ ਦਿੱਲੀ, 19 ਅਪ੍ਰੈਲ – ਰੂਸ-ਯੂਕਰੇਨ ਜੰਗ ਕਰਕੇ ਆਲਮੀ ਪੱਧਰ ‘ਤੇ ਸਪਲਾਈ ਚੇਨ ਵਿੱਚ ਪਏ ਅੜਿੱਕੇ ਕਰਕੇ ਕੱਚੇ ਤੇਲ ਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਪੁੱਜਣ ਨਾਲ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਦਰ ਮਾਰਚ ਮਹੀਨੇ 14.55 ਫੀਸਦ ‘ਤੇ ਪੁੱਜ ਗਈ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਇਹ ਸਿਖਰਲਾ ਪੱਧਰ ਹੈ। ਇਨ੍ਹਾਂ ਵਧੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਨੀਤੀਗਤ ਵਿਆਜ ਦਰਾਂ ਵਧਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਫਰਵਰੀ ਮਹੀਨੇ ਥੋਕ ਕੀਮਤ ਸੂਚਕ ਅੰਕ ਅਧਾਰਿਤ ਮਹਿੰਗਾਈ 13.11 ਫੀਸਦ ਸੀ ਜਦੋਂਕਿ ਪਿਛਲੇ ਸਾਲ ਮਾਰਚ ਮਹੀਨੇ ਇਹ ਅੰਕੜਾ 7.89 ਫੀਸਦ ਸੀ। ਅਪ੍ਰੈਲ 2021 ਤੋਂ ਪਿਛਲੇ 12 ਮਹੀਨਿਆਂ ਦੌਰਾਨ ਥੋਕ ਮਹਿੰਗਾਈ ਲਗਾਤਾਰ ਦੋਹਰੇ ਅੰਕੜੇ ਵਿੱਚ ਰਹੀ ਹੈ। ਨਵੰਬਰ 2021 ਵਿੱਚ 14.87 ਫੀਸਦ ਨਾਲ ਇਹ ਆਪਣੇ ਸਿਖਰਲੇ ਪੱਧਰ ‘ਤੇ ਸੀ। ਵਣਜ ਤੇ ਸਨਅਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਫਰਵਰੀ ਦੇ ਮੁਕਾਬਲੇ ਮਾਰਚ 2022 ਵਿੱਚ ਥੋਕ ਮਹਿੰਗਾਈ ਵਿੱਚ ਉਛਾਲ ‘ਚ ਕੱਚੇ ਤੇਲ ਦੀਆਂ ਕੀਮਤਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਮਗਰੋਂ ਈਂਧਣ ਤੇ ਮੁੱਢਲੀਆਂ ਵਸਤਾਂ ਦਾ ਨੰਬਰ ਆਉਂਦਾ ਹੈ। ਮਾਰਚ ਮਹੀਨੇ ਦੌਰਾਨ ਕਣਕ, ਚੌਲ, ਆਲੂ, ਦੁੱਧ, ਆਂਡੇ, ਮੀਟ ਤੇ ਮੱਛੀ ਦੀਆਂ ਕੀਮਤਾਂ ਵਿੱਚ ਸਾਧਾਰਨ ਜਿਹਾ ਵਾਧਾ ਵੇਖਣ ਨੂੰ ਮਿਲਿਆ ਜਦੋਂਕਿ ਮਹੀਨਾ ਦਰ ਮਹੀਨਾ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਕੁੱਝ ਨਰਮਾਈ ਰਹੀ। ਮਾਰਚ ਮਹੀਨੇ ਖ਼ੁਰਾਕ ਵਸਤਾਂ ਦੀ ਮਹਿੰਗਾਈ ਦਰ 8.06 ਫੀਸਦ ਰਹੀ ਜਦੋਂਕਿ ਫਰਵਰੀ ਵਿੱਚ ਇਹ ਅੰਕੜਾ 8.19 ਫੀਸਦ ਸੀ। ਇਸੇ ਤਰ੍ਹਾਂ ਫਰਵਰੀ ਵਿੱਚ 26.93 ਫੀਸਦ ਦੇ ਮੁਕਾਬਲੇ ਮਾਰਚ ਮਹੀਨੇ ਸਬਜ਼ੀਆਂ ਨਾਲ ਜੁੜੀ ਮਹਿੰਗਾਈ 19.88 ਫੀਸਦ ਸੀ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ”ਮਾਰਚ ਮਹੀਨੇ ਮਹਿੰਗਾਈ ਦਰ ਵਧਣ ਦਾ ਮੁੱਢਲਾ ਕਾਰਨ ਕੱਚੇ ਤੇਲ ਤੇ ਕੁਦਰਤੀ ਗੈੱਸ, ਮਿਨਰਲ ਤੇਲ, ਬੁਨਿਆਦੀ ਧਾਤਾਂ ਆਦਿ ਦੀ ਰੂਸ-ਯੂਕਰੇਨ ਜੰਗ ਕਰਕੇ ਆਲਮੀ ਪੱਧਰ ‘ਤੇ ਸਪਲਾਈ ਅਸਰ ਅੰਦਾਜ਼ ਹੋਣ ਕਰਕੇ ਵਧੀਆਂ ਕੀਮਤਾਂ ਹਨ।” ਸਮੀਖਿਆ ਅਧੀਨ ਮਹੀਨੇ ਵਿੱਚ ਉਤਪਾਦਨ ਵਸਤਾਂ ਦੀ ਮਹਿੰਗਾਈ ਦਰ ਫਰਵਰੀ ਵਿੱਚ 9.84 ਫੀਸਦ ਦੇ ਮੁਕਾਬਲੇ 10.71 ਫੀਸਦ ਸੀ। ਇਸੇ ਤਰ੍ਹਾਂ ਈਂਧਣ ਤੇ ਬਿਜਲੀ ਦੀ ਮਹਿੰਗਾਈ ਦਰ 34.52 ਫੀਸਦ ਰਹੀ। ਹਾਲਾਂਕਿ ਫਰਵਰੀ ਵਿੱਚ ਇਹ ਅੰਕੜਾ 31.50 ਫੀਸਦ ਸੀ। ਕੱਚੇ ਤੇਲ ਦੀ ਮਹਿੰਗਾਈ 83.56 ਫੀਸਦ ਸੀ। ਆਈਸੀਆਰਏ ਦੀ ਮੁੱਖ ਅਰਥਸ਼ਾਸਤਰੀ ਆਦਿਤੀ ਨਾਇਰ ਨੇ ਕਿਹਾ ਕਿ ਦੇਸ਼ ਵਿੱਚ ਐਤਕੀਂ ਮੌਨਸੂਨ ਆਮ ਵਾਂਗ ਰਹਿਣ ਨਾਲ ਵੀ ਵਸਤਾਂ ਦੀਆਂ ਪ੍ਰਚੂਨ ਕੀਮਤਾਂ ਘਟਣ ਦੇ ਬਹੁਤ ਘੱਟ ਆਸਾਰ ਹਨ। ਖਾਣ ਵਾਲੇ ਤੇਲ ਦੀਆਂ ਕੀਮਤਾਂ ਲਗਾਤਾਰ ਖ਼ੁਰਾਕ ਮਹਿੰਗਾਈ ਵਧਾ ਰਹੀਆਂ ਹਨ। ਆਰਬੀਆਈ ਨੇ ਪਿਛਲੇ ਦਿਨੀਂ ਨੀਤੀਗਤ ਵਿਆਜ ਦਰਾਂ ਵਿੱਚ ਫੇਰਬਦਲ ਤੋਂ ਇਨਕਾਰ ਕਰ ਦਿੱਤਾ ਸੀ।