ਦਿੱਲੀ ਕਮੇਟੀ ਦੇ ਮੀਡੀਆ ਮੁਖੀ ‘ਮੀਡੀਆ ਰਤਨ’ ਅਵਾਰਡ ਨਾਲ ਸਨਮਾਨਿਤ

DSC_9009ਨਵੀ ਦਿੱਲੀ, 7 ਸਤੰਬਰ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੈੱਸ ਕਲੱਬ ਆਫ਼ ਇੰਡੀਆ ਵੱਲੋਂ ਬਿਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਂਸੀਟਿਯੂਸਨ ਕਲੱਬ, ਰਫ਼ੀ ਮਾਰਗ ‘ਤੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਤੇ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ, ਵਧੀਕ ਸੋਲਿਸਟਰ ਜਰਨਲ ਆਫ਼ ਇੰਡੀਆ ਬੀਬੀ ਪਿੰਕੀ ਅਨੰਦੁ ਅਤੇ ਸਾਬਕਾ ਐਮ. ਐਲ. ਐ. ਕਰਣ ਸਿੰਘ ਤੰਵਰ ਵੱਲੋਂ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਕਰਨ ਮੌਕੇ ਕਲੱਬ ਦੀ ਜਰਨਲ ਸਕੱਤਰ ਬੀਬੀ ਅੰਜਲੀ ਭਾਟੀਆ ਨੇ ਪਰਮਿੰਦਰ ਵੱਲੋਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਮੁਖੀ ਦੇ ਤੌਰ ‘ਤੇ ਨਿਬਾਹੀ ਗਈ ਉਸਾਰੂ ਭੂਮਿਕਾ ਅਤੇ ਨਿਸ਼ਕਾਮ ਸਮਰਪਣ ਭਾਵਨਾ ਨੂੰ ਵੀ ਯਾਦ ਕੀਤਾ।
ਆਪਣੇ ਪਰਵਾਰਿਕ ਮੈਂਬਰਾਂ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨਾਲ ਸਨਮਾਨ ਪ੍ਰਾਪਤ ਕਰਨ ਗਏ ਪਰਮਿੰਦਰ ਨੇ ਇਸ ਸੇਵਾ ਨੂੰ ਸੌਂਪਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਪਾਰਟੀ ਲਾਇਨ ਅਤੇ ਗੁਰਮਤਿ ਸਿਧਾਂਤਾਂ ਨੂੰ ਮੁੱਖ ਰਖ ਕੇ ਆਪਣੇ ਵੱਲੋਂ ਕੀਤੇ ਗਏ ਕਾਰਜਾਂ ਨੂੰ ਇਸ ਸਨਮਾਨ ਰਾਹੀ ਮਾਨਤਾ ਮਿਲਣ ਦੀ ਗੱਲ ਵੀ ਉਨ੍ਹਾਂ ਕੀਤੀ।  ਕੇਂਦਰ ਸਰਕਾਰ ਦੇ ਵੱਖ-ਵੱਖ ਅਦਾਰਿਆਂ, ਦਿੱਲੀ ਸਰਕਾਰ ਦੇ ਅਦਾਰਿਆਂ ਅਤੇ ਦਿੱਲੀ ਵਿਚਲੇ ਬਾਹਰਲੇ ਸੂਬਿਆ ਦੇ ਮੁੱਖ ਦਫ਼ਤਰਾਂ ਦੇ ਜਨਸੰਪਰਕ ਮੁਖੀਆ ਦੇ ਬਰਾਬਰ ਦਿੱਲੀ ਕਮੇਟੀ ਦੇ ਜਨਸੰਪਰਕ ਨੂੰ ਵੀ ਕਲੱਬ ਵੱਲੋਂ ਤਵੱਜੋ ਦੇਣ ‘ਤੇ ਪਰਮਿੰਦਰ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਭਵਿੱਖ ‘ਚ ਵੀ ਮੀਡੀਆ ਦੇ ਉਚ ਮਾਪਦੰਡਾਂ ‘ਤੇ ਖਰਾ ਉੱਤਰਨ ਦਾ ਵੀ ਭਰੋਸਾ ਦਿੱਤਾ।