ਦਿੱਲੀ ਕਮੇਟੀ ਦੇ ਸਹਿਯੋਗ ਨਾਲ ਸਨ ਫਾਉਂਡੇਸ਼ਨ ਨੇ ਕਰਵਾਇਆ ਕੀਰਤਨ ਸਮਾਗਮ

PHOTO BANGLA SAHIBPHOTO, BANGLA SAHIBਨਵੀਂ ਦਿੱਲੀ, 21 ਫਰਵਰੀ – ਸਨ ਫਾਉਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਲਈ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਵਿਚਾਰਾਂ ਦੇ ਸਮੇਂ ਦੌਰਾਨ ਤਕਰੀਰ ਕਰਦੇ ਹੋਏ ਨਸ਼ੇ ਨੂੰ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ। ਉਨ੍ਹਾਂ ਨੇ ਗੁਰਮਤਿ ਦਾ ਧਾਰਨੀ ਹੋ ਕੇ ਸੰਗਤਾਂ ਨੂੰ ਨਾਮ ਸਿਮਰਨ ਅਤੇ ਬਾਣੀ ਦਾ ਨਿੱਤਨੇਮੀ ਹੋਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਨਸ਼ੇ ਦੀ ਹਮਾਇਤ ਨਹੀਂ ਕਰਦਾ ਸਗੋਂ ਨਸ਼ਿਆਂ ਦੇ ਖ਼ਿਲਾਫ਼ ਹੀ ਗੁਰੂਆਂ ਅਤੇ ਮਹਾਪੁਰਸ਼ਾਂ ਵੱਲੋਂ ਆਵਾਜ਼ ਚੁੱਕੀ ਗਈ ਸੀ।
ਸਨ ਫਾਉਂਡੇਸ਼ਨ ਤੇ ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਨਸ਼ੇ ਨੂੰ ਸਿਹਤ ਅਤੇ ਦਿਮਾਗ਼ ਵਾਸਤੇ ਵਿਨਾਸ਼ਕਾਰੀ ਦੱਸਦੇ ਹੋਏ ਨਸ਼ੇ ਦੀ ਆਦਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਮੁਕਤ ਕਰਵਾ ਕੇ ਤੰਦਰੁਸਤ ਜੀਵਨ ਜਿਊਣ ਲਈ ਜ਼ੋਰ ਦਿੱਤਾ। ਨਿਰੋਗ ਅਤੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਲਈ ਨਸ਼ੇ ਰੂਪੀ ਕੋੜ੍ਹ ਦੇ ਖ਼ਾਤਮੇ ਦਾ ਵੀ ਸਾਹਨੀ ਨੇ ਸੱਦਾ ਦਿੱਤਾ।
ਸਟੇਜ ਸਕੱਤਰ ਦੀ ਸੇਵਾ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਤਜਿੰਦਰ ਸਿੰਘ ਖੱਨੇ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਤੇ ਭਾਈ ਨਿਰਮਲ ਸਿੰਘ ਖ਼ਾਲਸਾ ਸਣੇ ਦਿੱਲੀ ਕਮੇਟੀ ਦੇ ਰਾਗੀ ਜਥਿਆਂ ਨੇ ਵੀ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ ਅਤੇ ਇੰਦਰਜੀਤ ਸਿੰਘ ਮੌਂਟੀ ਵੀ ਮੌਜੂਦ ਸਨ।