ਦਿੱਲੀ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਤਖ਼ਤ ਪਟਨਾ ਸਾਹਿਬ ਵਿੱਚ ਵਾਪਰੀ ਘਟਨਾ ਨੂੰ ਸ. ਸਿਰਸਾ ਨੇ ਮੰਦਭਾਗਾ ਕਰਾਰ ਦਿੱਤਾ
ਨਵੀਂ ਦਿੱਲੀ, 7 ਜਨਵਰੀ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਸ਼ਬਦ ਦੀ ਵਿਚਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ।
ਇਸ ਮੌਕੇ ਤਕਰੀਰ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਗੁਰੂ ਸਾਹਿਬ ਦੇ ਜੀਵਨ ‘ਤੇ ਝਾਤ ਮਾਰਦੇ ਹੋਏ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਕਿ ਸਟਾਫ਼ ਦੀਆਂ ਤਨਖ਼ਾਹਾਂ ਵਿੱਚ 35% ਇਜ਼ਾਫਾ ਕਰਨ ਦੇ ਨਾਲ ਹੀ ਹੋਰ ਸਕੀਮਾਂ ਦਾ ਵੀ ਫ਼ਾਇਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖ ਬੱਚਿਆਂ ਦੀ 12 ਕਰੋੜ ਰੁਪਏ ਦੇ ਲਗਭਗ ਸਰਕਾਰੀ ਸਕੀਮਾਂ ਰਾਹੀਂ ਫ਼ੀਸ ਮਾਫ਼ੀ ਦਾ ਦਾਅਵਾ ਕਮੇਟੀ ਵੱਲੋਂ……. ਕਰਦੇ ਹੋਏ ਉਨ੍ਹਾਂ ਨੇ ਪੁਰਾਣੀ ਕਮੇਟੀ ‘ਤੇ ਸਕੂਲਾਂ ਵਿੱਚ 10 ਕਰੋੜ ਰੁਪਏ ਸਾਲਾਨਾ ਤਨਖ਼ਾਹ ਦਾ ਫ਼ਾਲਤੂ ਸਟਾਫ਼ ਰੱਖਣ ਦੀ ਵੀ ਗੱਲ ਕੀਤੀ। ਗੁਰਦੁਆਰਾ ਕਮੇਟੀ ਦੇ ਸਕੂਲਾਂ ਵਿਚਲੇ ਸਟਾਫ਼ ਦੀਆਂ ਤਨਖ਼ਾਹਾਂ 6ਵੇਂ ਪੇਅ ਕਮਿਸ਼ਨ ਦੇ ਹਿਸਾਬ ਨਾਲ ਮਾਰਚ ਤੋਂ ਦੇਣ ਦੀ ਘੋਸ਼ਣਾ ਕਰਦੇ ਹੋਏ ਉਨ੍ਹਾਂ ਨੇ ਦਿੱਲੀ ਦੇ 6ਵੀਂ ਜਮਾਤ ਵਿੱਚ ਜਾਣ ਵਾਲੇ ਸਿੱਖ ਬੱਚਿਆਂ ਨੂੰ ਕਮੇਟੀ ਵੱਲੋਂ ਪਹਿਲੀ ਦਸਤਾਰ ਫ੍ਰੀ ਦੇਣ ਦੀ ਵੀ ਘੋਸ਼ਣਾ ਕੀਤੀ। ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਦਲੀਪ ਸਿੰਘ ਨੂੰ 2014 ਦਾ ਕੈਲੰਡਰ ਤੇ ਜੰਤਰੀ ਜਾਰੀ ਕਰਕੇ ਮਾਣ ਸੌਂਪਦਿਆਂ ਹੋਇਆਂ ਉਨ੍ਹਾਂ ਨੂੰ ਪਹਿਲਾਂ ਕੈਲੰਡਰ ਦਿੱਤਾ ਤੇ ਇਸ ਦੇ ਨਾਲ ਹੀ ਡਾਕਟਰ ਹਰਬੰਸ ਕੌਰ ਸੱਘੂ ਵੱਲੋਂ ਲਿਖੀ ਕਿਤਾਬ ‘ਸਿੱਖ ਇਤਿਹਾਸ ਤੇ ਵਿਚਾਰਧਾਰਾ’ ਨੂੰ ਵੀ ਜਾਰੀ ਕੀਤਾ। ਇਸ ਵਾਰ ਦੇ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਨੂੰ ਅੱਗੇ ਚਲਾਉਣ ਦੇ ਫ਼ੈਸਲੇ ਨੂੰ ਠੀਕ ਕਰਾਰ ਦਿੰਦੇ ਹੋਏ ਸ. ਜੀ.ਕੇ. ਨੇ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਕਰਦੇ ਹੋਇਆਂ ਇਹ ਵੀ ਬੇਨਤੀ ਕੀਤੀ ਕਿ ਨਗਰ ਕੀਰਤਨ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਿੱਚ ਬੇਲੋੜੀਆਂ ਗੱਡੀਆਂ ਨਾ ਸ਼ਾਮਿਲ ਕੀਤੀਆਂ ਜਾਣ। ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਹੋਇਆਂ ਉਨ੍ਹਾਂ ਨੇ ਸੰਗਤਾਂ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ’ ਦਿੱਲੀ ਵਿੱਚ ਛੇਤੀ ਹੀ ਖੋਲ੍ਹਣ ਦੀ ਵਚਨਬੱਧਤਾ ਦੁਹਰਾਈ। ਪਿਛਲੀ ਕਮੇਟੀ ਵੱਲੋਂ ਲਾਪਰਵਾਹੀ ਕਰਕੇ ਛੱਡੀਆਂ ਗਈਆਂ ਜਗ੍ਹਾ ਜ਼ਮੀਨਾਂ ਨੂੰ ਵੀ ਉਨ੍ਹਾਂ ਨੇ ਕੌਮ ਦੇ ਉਸਾਰੂ ਇਸਤੇਮਾਲ ਵਾਸਤੇ ਵਾਪਸ ਲੈਣ ਦਾ ਅਹਿਦ ਲੈਂਦਿਆਂ ਹੋਇਆਂ ੧੯੮੪ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੀ ਵੀ ਜਾਣਕਾਰੀ ਦਿੱਤੀ।
ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਸੰਗਤਾਂ ਤੋਂ ਧਾਰਮਿਕ ਸਟੇਜ ਤੋਂ ਰਾਜਨੀਤਕ ਗੱਲ ਕਰਨ ਦੀ ਇਜਾਜ਼ਤ ਲੈਂਦਿਆਂ ਹੋਇਆਂ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ. ਭਜਨ ਸਿੰਘ ਵਾਲੀਆ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਤਖ਼ਤ ਸਾਹਿਬ ਦੇ ਜਥੇਦਾਰ ਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ‘ਤੇ ਹੋਏ ਕਾਤਲਾਨਾ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਚਾਹ ਕੇ ਵੀ ਮੈਂ ਇਸ ਬਾਰੇ ਇਹ ਗੱਲ ਸੰਗਤਾਂ ਸਾਹਮਣੇ ਰੱਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਕਿਉਂਕਿ ਇਹ ਸਿੰਘ ਸਾਹਿਬਾਨ ਦੀ ਮਾਣ ਮਰਿਆਦਾ ਦਾ ਮਾਮਲਾ ਹੈ, ਪਰ ਇਹ ਆਗੂ ਕੌਮ ਦੇ ਦੁਸ਼ਮਣ ਹਨ ਤੇ ਇਹ ਸਿਰਫ਼ ਕੁਰਸੀ ਵਾਸਤੇ ਹੀ ਸਿਆਸਤ ਕਰਦੇ ਹਨ। ਇਨ੍ਹਾਂ ਦੀ ਸ਼ਰਧਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਹੋਕੇ ਸਟੇਜਾਂ, ਮਾਇਕ, ਸਿਆਸਤ ਅਤੇ ਅਹੰਕਾਰ ਵਿੱਚ ਜ਼ਿਆਦਾ ਹੈ। ਸੰਗਤਾਂ ਨੂੰ ਹਲੂਣਾ ਦਿੰਦੇ ਹੋਏ ਉਨ੍ਹਾਂ ਨੇ ਉਕਤ ਆਗੂਆਂ ਤੋਂ ਇਸ ਕੀਤੇ ਗਏ ਘਿਨੋਣੇ ਕਾਰਨਾਮੇ ਬਾਰੇ ਪੁੱਛਣ ਦੀ ਬੇਨਤੀ ਕੀਤੀ।
ਇਸ ਮੌਕੇ ਕਮੇਟੀ ਦੇ ਜਾਇੰਟ ਸਕੱਤਰ ਸ. ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਪਟਨਾ ਸਾਹਿਬ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ‘ਤੇ ਅਫ਼ਸੋਸ ਜ਼ਾਹਿਰ ਕੀਤਾ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਸਿਹਤਯਾਬੀ ਲਈ ਸੰਗਤਾਂ ਨਾਲ ਮਿਲ ਕੇ ਪੰਜ ਵਾਰ ਮੂਲ ਮੰਤਰ ਦਾ ਪਾਠ ਕੀਤਾ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਸੀਨੀਅਰ ਮੈਂਬਰ ਜਥੇਦਾਰ ਉਂਕਾਰ ਸਿੰਘ ਥਾਪਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।
ਦਿੱਲੀ ਵਿਧਾਨ ਸਭਾ ਵਿੱਚ ਚੁਣੇ ਗਏ ੯ ਸਿੱਖ ਵਿਧਾਇਕਾਂ ਵਿੱਚੋਂ ੫ ਸਿੱਖ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ, . ਹਰਮੀਤ ਸਿੰਘ ਕਾਲਕਾ, ਸ. ਪ੍ਰਹਿਲਾਦ ਸਿੰਘ ਸਾਹਨੀ, ਸ. ਜਰਨੈਲ ਸਿੰਘ ਅਤੇ ਜਗਦੀਪ ਸਿੰਘ ਦਾ ਵੀ ਕਮੇਟੀ ਵੱਲੋਂ ਸਿਰੋਪਾਉ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ ਤੇ ਨਾਲ ਕਮੇਟੀ ਦੇ ਰਿਟਾਇਰਡ ਰਾਗੀ ਜਥੇ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਜੀ ਪੰਜਾਬੀ ਦੇ ਐਡੀਟਰ ਸ੍ਰੀ ਸੰਜੇ ਵੋਹਰਾ, ਐਂਕਰ ਬੀਬੀ ਮਨਜੀਤ ਕੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮੈਨੇਜਰ ਸ. ਅੰਮ੍ਰਿਤਪਾਲ ਸਿੰਘ, ਸਿੱਖੀ ਚੈਨਲ ਦੇ ਸ. ਹਰਜੋਤਸ਼ਾਹ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੂੰ ਕੌਮ ਵਾਸਤੇ ਕੀਤੇ ਗਏ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ੫ ਜਨਵਰੀ ਦਿਨ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਨਗਰ ਕੀਰਤਨ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਕੇ ਦਿੱਲੀ ਦੇ ਅਨੇਕਾਂ ਬਾਜ਼ਾਰਾਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸੁਭਾਸ਼ ਨਗਰ ਮੋੜ, ਤਿਲਕ ਨਗਰ ਤੇ ਜੇਲ੍ਹ ਰੋਡ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ ਬਲਾਕ ਫਤਿਹ ਨਗਰ ਵਿਖੇ ਪੁੱਜਾ। ਗੁਰੂ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸਾਰੀ ਸੰਗਤ, ਸ਼ਬਦੀ ਜਥੇ, ਸਕੂਲਾਂ ਦੇ ਬੱਚੇ, ਬੈਂਡ, ਗਤਕਈ ਅਖਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਚਲੇ।