ਦਿੱਲੀ ਦੇ ਬਾਰਡਰਾਂ ਉੱਤੇ ਇਤਿਹਾਸ ਦਾ ਸਭ ਤੋਂ ਵੱਡਾ ਟਰੈਕਟਰ ਮਾਰਚ ਕੱਢ ਕਿਸਾਨਾਂ ਸ਼ਕਤੀ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ, 8 ਜਨਵਰੀ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ 7 ਜਨਵਰੀ ਦਿਨ ਵੀਰਵਾਰ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਇਤਿਹਾਸ ਦਾ ਸਭ ਤੋਂ ਵੱਡਾ ਟਰੈਕਟਰ ਮਾਰਚ ਕੱਢਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ‘ਤੇ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢਿਆ। ਜੀਵੇਂ ਕਿ ਕਿਹਾ ਜਾ ਰਿਹਾ ਹੈ ਕਿ ਅਜਿਹਾ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਕਿਸਾਨਾਂ ਨੇ ਟਰੈਕਟਰ ਮਾਰਚ ਕੱਢੀ ਹੈ। ਕਿਸਾਨਾਂ ਵੱਲੋਂ ਟਰੈਕਟਰ ਮਾਰਚ ਜ਼ਰੀਏ ਦਿੱਲੀ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਵੀ ਤਿੱਖਾ ਕਰ ਦਿੱਤਾ ਹੈ। ਆਗੂਆਂ ਵੱਲੋਂ ਟਰੈਕਟਰ ਮਾਰਚ ਵਿੱਚ 8 ਹਜ਼ਾਰ ਤੋਂ ਵੱਧ ਟਰੈਕਟਰਾਂ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਟਰੈਕਟਰਾਂ ਉੱਪਰ ਕਿਸਾਨ ਯੂਨੀਅਨਾਂ ਦੇ ਝੰਡਿਆਂ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ। ਔਰਤਾਂ, ਮਰਦ, ਨੌਜਵਾਨ ਅਤੇ ਬੱਚੇ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ।
ਸਰਕਾਰ ਨਾਲ 8 ਜਨਵਰੀ ਨੂੰ ਹੋਣ ਵਾਲੀ ਗੱਲਬਾਤ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਿਕ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ‘ਚ ਰਾਜਪਥ ‘ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਦੋਂ ਕਿ 7 ਜਨਵਰੀ ਨੂੰ ਕੱਢੀ ਗਈ ਟਰੈਕਟਰ ਮਾਰਚ ਨੂੰ 26 ਜਨਵਰੀ ਦੀ ਰਿਹਰਸਲ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਇਸ ਟਰੈਕਟਰ ਮਾਰਚ ਵਿੱਚ ਟਰੈਕਟਰਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ।