ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੀ ‘ਮਹਿੰਗਾਈ ਪਰ ਹਲਾ ਬੋਲ’ ਰੈਲੀ

ਨਵੀਂ ਦਿੱਲੀ, 4 ਸਤੰਬਰ – ਅੱਜ ਰਾਮਲੀਲਾ ਮੈਦਾਨ ਵਿੱਚ ‘ਮਹਿੰਗਾਈ ਪਰ ਹਲਾ ਬੋਲ ਰੈਲੀ’ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਦੋਵੇਂ ਸੰਗਠਨ ਜਾਣਬੁੱਝ ਕੇ ਦੇਸ਼ ‘ਚ ਨਫ਼ਰਤ ਅਤੇ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
ਉਨ੍ਹਾਂ ਕਾਂਗਰਸ ਦੀ ‘ਮਹਿੰਗਾਈ ਪਰ ਹਲਾ ਬੋਲ’ ਰੈਲੀ ਵਿੱਚ ਇਹ ਵੀ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਵਿੱਚ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਅਤੇ ਬੇਰੁਜ਼ਗਾਰੀ ਦਾ ਡਰ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਮੋਦੀ ਸਰਕਾਰ ਦੇ ਦੋ ਭਾਈ ਹਨ।
ਕਾਂਗਰਸ ਪਾਰਟੀ ਦੀ ‘ਮਹਿੰਗਾਈ ਪਰ ਹਲਾ ਬੋਲ’ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਰਾਜਾ ਮਿੱਤਰਾਂ ਦੀ ਕਮਾਈ ’ਚ ਰੁੱਝਿਆ ਤੇ ਜਨਤਾ ਮਹਿੰਗੀ ’ਚ ਝੁਲਸੀ। ਅੱਜ ਲੋਕ ਜ਼ਰੂਰੀ ਚੀਜ਼ਾਂ ਖਰੀਦਣ ਤੋਂ ਪਹਿਲਾਂ ਵੀ ਦਸ ਵਾਰ ਸੋਚਦੇ ਹਨ। ਇਨ੍ਹਾਂ ਮੁਸੀਬਤਾਂ ਲਈ ਸਿਰਫ਼ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹਨ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਜਨਤਾ ਦੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਅਤੇ ਬੇਰੁਜ਼ਗਾਰੀ ਹਨ।
‘ਮਹਿੰਗਾਈ ਪਰ ਹਲਾ ਬੋਲ ਰੈਲੀ’ ਵਿੱਚ ਮਹਿੰਗਾਈ ਦੇ ਵਿਰੋਧ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ‘ਡਿਗਰੀ ਹੋਲਡਰ ਸ਼ੂਜ਼ ਪਾਲਿਸ਼ ਤੇ ਪਕੌੜਾ ਸਟਾਲ’ ਲਗਾਏ ਹਨ। ਕਾਂਗਰਸ ਨੇ ਇਹ ਰੈਲੀ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਦੇ ਮੁੱਦਿਆਂ ਚੁੱਕਣ ਲਈ ਕੀਤੀ।