ਦੀਵਾਲੀ ਮੌਕੇ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਦੀਵਾਲੀ ਮੌਕੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਸਮੇਂ ਉਨ੍ਹਾਂ ਨਾਲ ਪ੍ਰੋ.ਸਰਚਾਂਦ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਹਰਦੀਪ ਸਿੰਘ ਗਿੱਲ, ਕੰਵਰ ਬੀਰ ਸਿੰਘ ਮੰਜ਼ਿਲ ਤੇ ਹੋਰ

ਪੰਜਾਬ ਦੀ ਖ਼ੁਸ਼ਹਾਲੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਗੁਰੂ ਸਾਹਿਬ ਵੱਲੋਂ ਕੀਤੇ ਗਏ ਪਰਉਪਕਾਰ ਸਾਡੇ ਲਈ ਪ੍ਰੇਰਣਾ ਸਰੋਤ : ਸ੍ਰੀਨਿਵਾਸਲੂ 
ਅੰਮ੍ਰਿਤਸਰ 13 ਨਵੰਬਰ (ਪ੍ਰੋ. ਸਰਚਾਂਦ ਸਿੰਘ) – ਦੀਵਾਲੀ ਅਤੇ ਬੰਦੀ ਛੋੜ ਦਿਵਸ ‘ਤੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਸ੍ਰੀਨਿਵਾਸਲੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ। ਉਨ੍ਹਾਂ ਪੰਜਾਬ ਦੀ ਖ਼ੁਸ਼ਹਾਲੀ, ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਗੁਰੂ ਸਾਹਿਬ ਦੇ ਪਾਵਨ ਚਰਨਾਂ ’ਚ ਇਕਾਗਰ ਚਿੱਤ ਲਾਉਂਦਿਆਂ ਆਪਣੀ ਰੂਹ ਨੂੰ ਗੁਰੂ ਦੀ ਬਖਸ਼ਿਸ਼ ਨਾਲ ਸਰਸ਼ਾਰ ਕੀਤਾ। ਉਨ੍ਹਾਂ ਦਰਬਾਰ ਸਾਹਿਬ ਸਮੂਹ ਵਿਖੇ ਦੀਵਾ ਜਗਾ ਕੇ ਪਾਰਟੀ ਵਰਕਰਾਂ ਅਤੇ ਸੰਗਤਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਰੋਸ਼ਨੀ ਦੀ ਸਜਾਵਟ, ਅਲੌਕਿਕ ਦੀਪਮਾਲਾ ਅਤੇ ਆਤਿਸ਼ਬਾਜ਼ੀ ਦੇ ਨਜ਼ਾਰੇ ਦਾ ਆਨੰਦ ਮਾਣਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਸਿੱਖ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਹਾਸਲ ਕੀਤੀ। ਸੂਚਨਾ ਕੇਂਦਰ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਬਾਰੇ ਭਾਜਪਾ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਨੇ ਆਪਣੀਆਂ ਮਨੋਂ ਭਾਵਨਾਵਾਂ ਨੂੰ ਜ਼ਾਹਿਰ ਕਰਦਿਆਂ ਕਿਹਾ ਅੱਜ ਉਨ੍ਹਾਂ ਦੀ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਮਨਾਉਣ ਦੀ ਚਿਰੋਕਣੀ ਇੱਛਾ ਪੂਰੀ ਹੋਈ ਗਈ ਹੈ। ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ । ਦਿਲ ਨੂੰ ਸਕੂਨ ਦੇਣ ਤੋਂ ਇਲਾਵਾ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਯਾਦਗਾਰੀ ਪਲ ਹਨ। ਉਨ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬਾ ਵੱਲੋਂ ਗਵਾਲੀਅਰ ’ਚ ਮੁਗ਼ਲਾਂ ਦੀ ਕੈਦ ’ਚੋਂ ਸਿਆਸੀ ਕੈਦੀ ਰਾਜਿਆਂ ਨੂੰ ਅਜ਼ਾਦ ਕਰਾਉਣ ਦੇ ਕੀਤੇ ਗਏ ਪਰਉਪਕਾਰਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ ਦਾ ਅਹਿਮ ਦਿਹਾੜਾ ਮਾਨਵਤਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਊਰਜਾ ਪੂਰੇ ਸੰਸਾਰ ਨੂੰ ਨਵਾਂ ਜੋਸ਼ ਅਤੇ ਉਤਸ਼ਾਹ ਪ੍ਰਦਾਨ ਕਰਦੀ ਹੈ। ਉਨ੍ਹਾਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚਲਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡੇ ਮਨਾਂ ਵਿਚ ਕਿਸੇ ਪ੍ਰਤੀ ਨਫ਼ਰਤ ਲਈ ਕੋਈ ਜਗਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬੰਦੀ ਛੋੜ ਦਿਵਸ ਮੌਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਕੁਦਰਤ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਅਜੈਬੀਰ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਪੰਜਾਬ ਦਾ ਭਲਾ ਚਾਹੁੰਦੀ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਹੇਠ ਹੈ, ਅਮਨ ਕਾਨੂੰਨ ਦੀ ਸਥਿਤੀ ਇੰਨੀ ਭੈੜੀ ਹੋ ਚੁੱਕੀ ਹੈ ਕਿ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ। ਵਪਾਰੀ ਅਤੇ ਸਨਅਤਕਾਰ ਪੰਜਾਬ ਛੱਡ ਰਹੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦਰਪੇਸ਼ ਇਨ੍ਹਾਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਦੀ ਬਜਾਏ ਸਿਰਫ਼ ਆਪਣੇ ਬੌਸ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਲਈ ਹੀ ਪੰਜਾਬ ਦਾ ਖ਼ਜ਼ਾਨਾ ਅਤੇ ਸਰੋਤਾਂ ਨੂੰ ਲੁਟਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਾਵਾਰਸ ਨਾ ਸਮਝੇ। ਪੰਜਾਬ ਦੇ ਭਲੇ ਲਈ ਪੰਜਾਬ ਭਾਜਪਾ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਸ੍ਰੀਨਿਵਾਸਲੂ ਨਾਲ, ਪ੍ਰੋ.ਸਰਚਾਂਦ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰ ਪਾਲ ਸਿੰਘ ਰੰਧਾਵਾ, ਭਾਜਪਾ ਐਸ ਸੀ ਮੋਰਚੇ ਦੇ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ, ਭਾਜਪਾ ਓਬੀਸੀ ਸੈੱਲ ਦੇ ਜਨਰਲ ਸਕੱਤਰ ਕੰਵਰ ਬੀਰ ਸਿੰਘ ਮੰਜ਼ਿਲ, ਗਗਨਦੀਪ ਸਿੰਘ ਏਆਰ ਅਤੇ ਪਲਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।