ਨਗਰ ਕੀਰਤਨ ਨੂੰ ਮਿਲੇ ਸੰਗਤੀ ਹੁੰਗਾਰੇ ਦਾ ਦਿੱਲੀ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ

photo nk, 3photo nk, 2ਸੰਗਤਾਂ ਵੱਲੋਂ ਮਿਲਿਆ ਪਿਆਰ ਅਤੇ ਉਤਸ਼ਾਹ ਬੇਮਿਸਾਲ – ਜੀ.ਕੇ.
ਨਵੀਂ ਦਿੱਲੀ ੧੫ ਜੂਨ – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾ ਸਮਾਗਮਾਂ ਦੀ ਕੜੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਏ ਗਏ ਦੋ ਦਿਨੀਂ ਨਗਰ ਕੀਰਤਨ ਦੇ ਰੂਟ ‘ਤੇ ਸੰਗਤਾਂ ਪਾਸੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਨਗਰ ਕੀਰਤਨ ਨੂੰ ਰੂਹਾਨੀਅਤ ਦਾ ਅਲੌਕਿਕ ਨਜ਼ਾਰਾ ਦਿੱਲੀ ਕਮੇਟੀ ਵੱਲੋਂ ਕਰਾਰ ਦਿੱਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਰਾਹ ‘ਚ ਸੰਗਤਾਂ ਵੱਲੋਂ ਮਿਲੇ ਪਿਆਰ ਅਤੇ ਉਤਸ਼ਾਹ ਨੂੰ ਬੇਮਿਸਾਲ ਦੱਸਦੇ ਹੋਏ ਸੰਗਤਾਂ ਦਾ ਧੰਨਵਾਦ ਕੀਤਾ ਹੈ।
ਦਿੱਲੀ ਤੋਂ ਲਗਭਗ 5,000 ਤੋਂ ਵੱਧ ਸੰਗਤਾਂ ਦੇ ਬੱਸਾਂ ਅਤੇ ਗੱਡੀਆਂ ਰਾਹੀਂ ਨਗਰ ਕੀਰਤਨ ਦੇ ਨਾਲ ਜਾਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਹਰਿਆਣਾ ਤੇ ਪੰਜਾਬ ਵਿਖੇ ਥਾਂ-ਥਾਂ ‘ਤੇ ਸੰਗਤਾਂ ਵੱਲੋਂ ਲਗਾਏ ਗਏ ਸਵਾਗਤੀ/ਲੰਗਰ ਸਟਾਲਾਂ ਤੇ ਹਜ਼ਾਰਾ ਦੀ ਗਿਣਤੀ ‘ਚ……. ਸੰਗਤਾਂ ਵੱਲੋਂ ਦੇਰ ਰਾਤ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਸੀਸ ਨਿਵਾਉਣ ਦੀ ਵੀ ਗੱਲ ਕਹੀ। ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਹਿਲੇ ਦਿਨ ਦੇ ਨਗਰ ਕੀਰਤਨ ਦੀ ਸਮਾਪਤੀ ਰਾਹ ‘ਚ ਸੰਗਤਾਂ ਦੇ ਹੜ ਕਰਕੇ ਦੇਰ ਰਾਤ ਤਿੰਨ ਵਜੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਦੇ ਪਿਆਰ ਅਤੇ ਉਤਸ਼ਾਹ ਕਰਕੇ ਉਕਤ ਥਾਂ ‘ਤੇ ਨਗਰ ਕੀਰਤਨ ਦੇ ਲਗਭਗ 8 ਘੰਟੇ ਦੇਰੀ ਨਾਲ ਪੁੱਜਣ ਦੀ ਵੀ ਗੱਲ ਮਨੀ।
ਦੂਜੇ ਦਿਨ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਛੋਟੇ ਜਿਹੇ ਰੂਟ ‘ਚ ਸੰਗਤਾਂ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਜੱਦੋ ਇਸ ਇਤਿਹਾਸਿਕ ਨਗਰ ਕੀਰਤਨ ਨੂੰ ਸਜਾਉਣ ਦਾ ਫ਼ੈਸਲਾ ਲਿਆ ਗਿਆ ਸੀ ਉਸ ਵੇਲੇ ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੰਗਤਾਂ ਦਾ ਪਿਆਰ ਅਤੇ ਸ਼ਰਧਾ ਗੁਰੂ ਦੇ ਇਸ ਕਾਰਜ ਨੂੰ ਇਨੀ ਵੱਡੀ ਪੱਧਰ ਤੱਕ ਉਤਸ਼ਾਹ ਬਖ਼ਸ਼ਣ ਦਾ ਕਾਰਣ ਬਣੇਗੀ।
ਜੀ.ਕੇ. ਨੇ ਸਮੂਹ ਗੁਰਦੁਆਰਾ ਕਮੇਟੀਆਂ, ਸੇਵਕ ਜਥੇ, ਸ਼ਬਦ ਚੌਂਕੀ ਜਥੇ, ਸਥਾਨਿਕ ਪ੍ਰਸ਼ਾਸਨ, ਪੁਲਿਸ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੇ ਨਾਲ ਹੀ ਰੂਟ ‘ਤੇ ਮੌਜੂਦ ਹਲਕਾ ਵਿਧਾਇਕਾਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਦਿੱਲੀ ਦੀਆਂ ਸੰਗਤਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਮਸਕਾਰ ਕਰਨ ਵਾਸਤੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦਾ ਹਿੱਸਾ ਬਣਨ ਵਾਸਤੇ ਦਿੱਲੀ ਦੀ ਸੰਗਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸੰਗਤ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਜਿੱਥੇ ਵੀ ਪੰਥ ਦੀ ਚੜ੍ਹਦੀ ਕਲਾ ਅਤੇ ਗੁਰੂ ਦੇ ਪਿਆਰ ਦੀ ਗੱਲ ਆਏਗੀ ਉੱਥੇ ਸਮੂਹ ਸੰਗਤਾਂ ਦੇ ਨਾਲ ਦਿੱਲੀ ਦੀ ਸੰਗਤ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੋਵੇਗੀ।