‘ਨਾਨਕ ਸ਼ਾਹ ਫਕੀਰ’ ਫਿਲਮ ਨੂੰ ਨਿਰਮਾਤਾ ਨੇ ਵਾਪਸ ਲਿਆ

nanakharinder-singh-sikka (1)ਨਵੀਂ ਦਿੱਲੀ, 21 ਅਪ੍ਰੈਲ – 17 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਈ ‘ਨਾਨਕ ਸ਼ਾਹ ਫਕੀਰ’ ਨੂੰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਵਾਪਸ ਲੈ ਲਿਆ ਹੈ। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਫਿਲਮ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਹਰਿੰਦਰ ਸਿੰਘ ਸਿੱਕਾ ਨੇ ਵਿਸ਼ਵ ਭਰ ਦੇ ਸਿਨੇਮਾ ਹਾਲਾਂ ਤੋਂ ਵਾਪਸ ਉਤਰਵਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦੇ ਹੋਏ ਉਕਤ ਫ਼ੈਸਲਾ ਲੈਣ ਦਾ ਦਾਅਵਾ ਕੀਤਾ ਹੈ। ਭਵਿੱਖ ਵਿੱਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਤੇ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਸਿੱਕਾ ਨੇ ਜਥੇਦਾਰ ਸਾਹਿਬ ਵੱਲੋਂ ਫਿਲਮ ‘ਚ ਸੁਝਾਏ ਗਏ ਬਦਲਾਵਾਂ ਨੂੰ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਸਿੱਕਾ ਵੱਲੋਂ ਉਨ੍ਹਾਂ ਦੀ ਸਲਾਹ ਮੰਨਣ ਨੂੰ ਚੰਗਾ ਕਦਮ ਦੱਸਦੇ ਹੋਏ ਫਿਲਮ ਨਿਰਮਾਤਾ ਵੱਲੋਂ ਆਪਣੇ ਤੌਰ ‘ਤੇ ਸ਼ਰਧਾ ਤੇ ਜਜ਼ਬਾਤ ਨਾਲ ਬਨਾਈ ਗਈ ਉਕਤ ਫਿਲਮ ‘ਚ ਸੋਧਾਂ ਨੂੰ ਵੀ ਜ਼ਰੂਰੀ ਦੱਸਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਦੇ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਵੱਲੋਂ ਫਿਲਮ ‘ਚ ਮੌਜੂਦ ਵਿਵਾਦਿਤ ਤੱਥਾਂ ਬਾਰੇ ਪੜਤਾਲ ਕਰਨ ਤੋਂ ਬਾਅਦ ਸਿੱਕਾ ਨੂੰ ਫਿਲਮ ‘ਚ ਸੋਧ ਕਰਨ ਦੇ ਵੀ ਆਦੇਸ਼ ਦਿੱਤੇ।