ਨਿਊਜ਼ੀਲੈਂਡ ‘ਚ ਕੋਰੋਨਾ ਨਾਲ 1 ਹੋਰ ਮੌਤ ਅਤੇ 6 ਨਵੇਂ ਕੇਸ, ਗਿਣਤੀ 1,451 ਹੋਈ

ਵੈਲਿੰਗਟਨ, 22 ਅਪ੍ਰੈਲ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਾਲ 1 ਹੋਰ 80 ਸਾਲਾ ਮਹਿਲਾ ਦੀ ਮੌਤ ਹੋਈ ਹੈ ਅਤੇ 6 ਨਵੇਂ ਹੋਰ ਕੇਸ ਸਾਹਮਣੇ ਆਏ ਹਨ। ਉਸ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,451 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,036 ਹੋ ਗਈ ਹੈ। ਹਸਪਤਾਲ ਵਿੱਚ 11 ਲੋਕ ਹਨ, 2 ਲੋਕ ਆਈ.ਸੀ.ਯੂ. ਵਿੱਚ ਹਨ। ਦੇਸ਼ ਵਿੱਚ ਕੋਰੋਨਾ ਨਾਲ ਹੁਣ ਤੱਕ 14 ਮੌਤਾਂ ਹੋਈਆਂ ਹਨ। ਅੱਜ ਦੇ ਨਵੇਂ 6 ਕੇਸਾਂ ਵਿੱਚੋਂ 3 ਵਿਅਕਤੀਆਂ ਦਾ ਵਿਦੇਸ਼ੀ ਯਾਤਰਾ ਨਾਲ ਸੰਬੰਧ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ 80 ਸਾਲਾ ਮਰਨ ਵਾਲੀ ਮਹਿਲਾ ਦਾ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਕਲਸਟਰ ਨਾਲ ਸੰਬੰਧ ਹੈ, ਜਿੱਥੇ ਪਹਿਲਾਂ 7 ਮੌਤਾਂ ਹੋ ਚੁੱਕੀਆਂ ਹਨ।
ਨਿਊਜ਼ੀਲੈਂਡ ਦੇ 1,451 ਕੇਸਾਂ ਵਿੱਚੋਂ 1,113 ਕੰਨਫ਼ਰਮ ਅਤੇ 338 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 401 ਐਕਟਿਵ ਅਤੇ 1,036 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 12 ਮੌਤਾਂ ਹੋਈਆ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਵਾਪਸ ਪਰਤਣ ਵਾਲੇ ਹਰ ਇੱਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰਨਟੀਨ ਕੀਤਾ ਜਾ ਰਿਹਾ ਹੈ। ਹੁਣ ਤੱਕ 2,403 ਵਿਅਕਤੀ ਵਿਦੇਸ਼ ਤੋਂ ਘਰ ਵਾਪਸ ਵਰਤੇ ਹਨ, ਜੋ ਵੱਖ-ਵੱਖ ਹੋਟਲਾਂ ‘ਚ ਕੁਆਰਨਟੀਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਹਫ਼ਤੇ ਕੰਮ ‘ਤੇ ਪਰਤਣ ਦੇ ਲਈ ਲਗਭਗ 400,000 ਲੋਕਾਂ ਦੀ ਉਮੀਦ ਹੈ, ਪਰ ਅਲਰਟ ਲੈਵਲ 3 ਉੱਤੇ ਜਾਣ ਲਈ “ਸੁਰੱਖਿਆ ਸਭ ਤੋਂ ਮਹੱਤਵਪੂਰਣ ਹੈ”।
ਪ੍ਰਧਾਨ ਮੰਤਰੀ ਆਰਡਰਨ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਹਾਲਾਂਕਿ ਦੇਸ਼ ਸੋਮਵਾਰ ਨੂੰ ਲੈਵਲ 3 ਵਿੱਚ ਜਾ ਰਿਹਾ ਹੈ, ਨਿਊਜ਼ੀਲੈਂਡ ਅਜੇ ਵੀ ਐਨਜ਼ੈੱਕ ਡੇਅ ਦੇ ਇਸ ਲੰਬੇ ਹਫ਼ਤੇ ਦੇ ਅੰਤ ਵਿੱਚ ਲੈਵਲ 4 ਵਿੱਚ ਹੈ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ 99.99 ਪ੍ਰਤੀਸ਼ਤ ਲੋਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਪਰ ਇੱਥੇ 4,128 ਉਲੰਘਣਾ ਕੀਤੀ, 430 ‘ਤੇ ਮੁਕੱਦਮੇਬਾਜ਼ੀ ਹੋਈ ਅਤੇ 115 ਯੂਥ ਰੇਫਰੈਲ ਹੋਏ ਹਨ। ਉਨ੍ਹਾਂ ਨੇ ਕੀਵੀਜ਼ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਘਰ ਰਹਿਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,562,650 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 177,400 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 667,643 ਹੈ।