ਨਿਊਜ਼ੀਲੈਂਡ ‘ਚ ਕੋਰੋਨਾ ਨਾਲ 2 ਹੋਰ ਮੌਤਾਂ, 8 ਨਵੇਂ ਕੇਸ ਸਾਹਮਣੇ ਆਏ

ਸੋਮਵਾਰ ਨੂੰ ਲੌਕਡਾਊਨ ਬਾਰੇ ਫ਼ੈਸਲਾ
ਵੈਲਿੰਗਟਨ, 17 ਅਪ੍ਰੈਲ – ਡਾਇਰੈਕਟਰ ਪਬਲਿਕ ਹੈਲਥ ਡਾ. ਕੈਰੋਲੀਨ ਮੈਕਲੇਨ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 8 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 2 ਪੁਸ਼ਟੀ ਕੀਤੇ ਅਤੇ 6 ਸੰਭਾਵਿਤ ਕੇਸ ਹਨ। ਕੋਰੋਨਾ ਨਾਲ 2 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ 11 ਉੱਤੇ ਪੁੱਜ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,409 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 816 ਹੋ ਗਈ ਹੈ। ਹਸਪਤਾਲ ਵਿੱਚ 14 ਲੋਕ ਹਨ, 3 ਲੋਕ ਆਈ.ਸੀ.ਯੂ. ਵਿੱਚ ਹਨ ਅਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੱਲ੍ਹ 4241 ਟੈੱਸਟ ਕੀਤੇ ਗਏ।
ਨਿਊਜ਼ੀਲੈਂਡ ਦੇ 1,409 ਕੇਸਾਂ ਵਿੱਚੋਂ 1,086 ਕੰਨਫ਼ਰਮ ਅਤੇ 323 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 582 ਐਕਟਿਵ ਅਤੇ 816 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 11 ਮੌਤਾਂ ਹੋਈਆ ਹਨ। ਨਵੇਂ ਦੋਵੇਂ ਮਰਨ ਵਾਲਿਆਂ ਵਿੱਚ ਇੱਕ 90 ਸਾਲਾ ਪੁਰਸ਼ ਹੈ ਜਿਸ ਦੀ ਵਾਈਕਾਟੋ ਹਸਪਤਾਲ ਵਿਖੇ ਮੌਤ ਹੋਈ ਹੈ ਅਤੇ ਦੂਜਾ 80 ਸਾਲਾ ਬਜ਼ੁਰਗ ਮਹਿਲਾ ਹੈ, ਜਿਸ ਦਾ ਰੋਜ਼ਵੁੱਡ ਰੈਸਟ ਹੋਮ ਨਾਲ ਸੰਬੰਧ ਹੈ ਤੇ ਉਸ ਦੀ ਮੌਤ ਬੁਰਵੁੱਡ ਹਸਪਤਾਲ ਵਿੱਚ ਹੋਈ ਹੈ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ 20 ਅਪ੍ਰੈਲ ਦਿਨ ਸੋਮਵਾਰ ਨੂੰ ਕੈਬਨਟ ਨਾਲ ਮੀਟਿੰਗ ਤੋਂ ਬਾਅਦ ਲੌਕਡਾਊਨ ਹਟਾਊਣਾ ਹੈ ਜਾਂ ਨਹੀਂ ਇਸ ਬਾਰੇ ਫ਼ੈਸਲਾ ਲਿਆ ਜਾਏਗਾ। ਯਾਨੀ ਦੇਸ਼ ‘ਅਲਰਟ ਲੈਵਲ 4’ ਤੋਂ ‘ਅਲਰਟ ਲੈਵਲ 3’ ‘ਤੇ ਲਿਆਂਦਾ ਜਾਵੇ ਕਿ ਨਹੀਂ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,152,894 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 143,832 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 531,847 ਹੈ।