ਨਿਊਜ਼ਹਬ-ਰੀਡ ਰਿਸਰਚ ਪੋਲ: ਨੈਸ਼ਨਲ ਪਾਰਟੀ ਪਹਿਲੇ ਨੰਬਰ ‘ਤੇ ਪਰ ਐਨਜ਼ੈੱਡ ਫ਼ਸਟ ਵੀ ਮਜ਼ਬੂਤ ਹੋਈ, ਸਰਕਾਰ ਬਣਾਉਣ ‘ਚ ਪੀਟਰਸ ਬਣਨਗੇ ਕਿੰਗਮੇਕਰ

ਨੈਸ਼ਨਲ ਨੂੰ ਸਰਕਾਰ ਬਣਾਉਣ ਲਈ ਐਕਟ ਦੇ ਨਾਲ-ਨਾਲ ਐਨਜ਼ੈੱਡ ਫ਼ਸਟ ਦੀ ਲੋੜ ਪਵੇਗੀ
ਆਕਲੈਂਡ, 26 ਸਤੰਬਰ – ਨਵੀਨਤਮ ਨਿਊਜ਼ਹਬ-ਰੀਡ ਰਿਸਰਚ ਪੋਲ ਦੇ ਅਨੁਸਾਰ ਨੈਸ਼ਨਲ ਆਗੂ ਕ੍ਰਿਸਟੋਫਰ ਲਕਸਨ ਸਰਵੇਖਣ ਨੂੰ ਵੇਖਦੇ ਹੋਏ ਐਨਜ਼ੈੱਡ ਫ਼ਸਟ ਆਗੂ ਵਿੰਸਟਨ ਪੀਟਰਸ ਨਾਲ ਕੰਮ ਕਰਨ ਦੇ ਵਿਕਲਪ ਨੂੰ ਖੁੱਲ੍ਹਾ ਰੱਖ ਰਿਹਾ ਹੈ, ਜੋ ਨੈਸ਼ਨਲ ਲਈ ਇੱਕ ਜ਼ਰੂਰੀ ਕਦਮ ਹੈ, ਕਿਉਂਕਿ ਸੀਟਾਂ ਦੇ ਨੰਬਰਾਂ ਦੇ ਹਿਸਾਬ ਨਾਲ ਨੈਸ਼ਨਲ ਪਾਰਟੀ ਨੂੰ ਸੱਤਾ ‘ਤੇ ਕਾਬਜ਼ ਹੋਣ ਲਈ ਐਕਟ ਪਾਰਟੀ ਦੇ ਨਾਲ-ਨਾਲ ਐਨਜ਼ੈੱਡ ਫ਼ਸਟ ਪਾਰਟੀ ਦੀ ਵੀ ਲੋੜ ਪਵੇਗੀ।
ਨਿਊਜ਼ਹਬ-ਰੀਡ ਰਿਸਰਚ ਪੋਲ ‘ਚ ਲੇਬਰ ਅਤੇ ਨੈਸ਼ਨਲ ਦੋਵਾਂ ਨੇ ਹੇਠਾਂ ਨੂੰ ਡੁਬਕੀ ਲਗਾਈ ਹੈ, ਜਦੋਂ ਕਿ ਪੀਟਰਸ ਦੀ ਨਿਊਜ਼ੀਲੈਂਡ ਫ਼ਸਟ ਨੇ ਥ੍ਰੈਸ਼ਹੋਲਡ ਨੂੰ ਪਾਰ ਕਰ ਲਿਆ ਹੈ। ਉਹ ਇਨ੍ਹਾਂ ਨੰਬਰਾਂ ‘ਤੇ ਸੰਸਦ ‘ਚ ਵਾਪਸ ਆ ਰਿਹਾ ਹੈ ਅਤੇ ਕਿੰਗਮੇਕਰ ਦਾ ਤਾਜ ਇੱਕ ਵਾਰ ਮੁੜ ਉਨ੍ਹਾਂ ਦੇ ਸਿਰ ‘ਤੇ ਬੱਝ ਸਕਦਾ ਹੈ।
ਦੇਸ਼ ਭਰ ‘ਚ 14 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਨਿਊਜ਼ਹਬ-ਰੀਡ ਰਿਸਰਚ ਪੋਲ ਵੱਲੋਂ ਸਰਵੇਖਣ ਕਰਵਾਇਆ ਜਾਂਦਾ ਰਿਹਾ ਹੈ। ਹੁਣ 25 ਸਤੰਬਰ ਦੇ ਤਾਜ਼ਾ ਸਰਵੇਖਣ ‘ਚ ਨੈਸ਼ਨਲ ਪਾਰਟੀ ਨੂੰ 39.1% (-1.8), ਲੇਬਰ 26.5% (-0.3), ਐਕਟ 8.8% (-1.3), ਗ੍ਰੀਨ 14.2% (+1.9), ਐਨਜ਼ੈੱਡ ਫ਼ਸਟ 5.2% (+0.6), ਟੀਪੀਐਮ 2.2% (-0.9), ਟੌਪ 1.9% (+1.2) ਅਤੇ ਐਨਸੀਓ 1.1 (+0.3) ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਇਸ ਨਵੀਂ ਪੋਲ ਦੇ ਮੁਤਾਬਿਕ ਨੈਸ਼ਨਲ ਪਾਰਟੀ 49, ਐਕਟ 11, ਐਨਜ਼ੈੱਡ ਫ਼ਸਟ 6, ਟੀ ਪਾਟੀ ਮਾਓਰੀ 3, ਗ੍ਰੀਨ ਪਾਰਟੀ 18 ਅਤੇ ਲੇਬਰ ਪਾਰਟੀ ਨੂੰ 33 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਐਨਜ਼ੈੱਡ ਫ਼ਸਟ ਦੇ ਲੀਡਰ ਵਿੰਸਟਨ ਪੀਟਰਸ ਨੇ ਸਰਵੇਖਣ ਮੁਤਾਬਿਕ ਥ੍ਰੈਸ਼ਹੋਲਡ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਲਕਸਨ ਦੀ ਸੱਤਾ ਦਾ ਰਸਤਾ ਉਸ ਦੇ ਹੱਥਾਂ ‘ਚ ਨਜ਼ਰ ਆ ਰਿਹਾ ਹੈ। ਪਰ ਇਹ ਉਦੋਂ ਹੁੰਦਾ ਹੈ ਜਦੋਂ ਸੰਸਦ ਦੀਆਂ ਸੀਟਾਂ ਨੂੰ ਦੇਖਦੇ ਹੋਏ ਪੀਟਰਸ ਦੀ ਸ਼ਕਤੀ ਅਸਲ ‘ਚ ਵਿਖਾਈ ਦਿੰਦੀ ਹੈ ਜਦੋਂ ਉਹ ਦੀ ਪਾਰਟੀ ਐਨਜ਼ੈੱਡ ਫ਼ਸਟ 5.2% ਨਾਲ 6 ਸੀਟਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦਾ ਮਤਲਬ ਹੈ ਕਿ ਵਿੰਸਟਨ ਪੀਟਰਸ ਦੀ ਸੰਸਦ ‘ਚ ਵਾਪਸ ਆ ਰਹੇ ਹਨ।
ਇੱਥੋਂ ਤੱਕ ਕਿ ਗ੍ਰੀਨ ਦੇ 18 ਸੰਸਦ ਮੈਂਬਰਾਂ, ਲੇਬਰ 33 ਅਤੇ ਟੀ ਪਾਟੀ ਮਾਓਰੀ ਦੇ 3 (ਇਹ ਮੰਨਦੇ ਹੋਏ ਕਿ ਉਹ ਵਾਇਰੀਕੀ ਇਲੈਕਟੋਰੇਟ ਆਪਣੇ ਕੋਲ ਰੱਖਦੇ ਹਨ) ਮਿਲਾ ਕੇ ਉਹ 54 ਸੀਟਾਂ ਤੱਕ ਪਹੁੰਚਦੇ ਹਨ।
ਪਰ ਸਰਕਾਰ ਬਣਾਉਣ ਲਈ 61 ਸੀਟਾਂ ਦੀ ਲੋੜ ਹੁੰਦੀ ਹੈ। ਪੀਟਰਸ ਨੇ ਕਿਹਾ ਹੈ ਕਿ ਉਹ ਲੇਬਰ ਨਾਲ ਨਹੀਂ ਜਾਣਗੇ, ਭਾਵੇਂ ਉਹ ਲੇਬਰ ਨਾਲ ਜਾਂਦੇ ਵੀ ਹਨ ਪਰ ਉਨ੍ਹਾਂ ਦੀ ਪਾਰਟੀ ਦੀਆਂ 6 ਸੀਟਾਂ ਮਿਲਾ ਕੇ ਵੀ ਉਹ ਲੇਬਰ ਨਾਲ ਸਿਰਫ਼ 60 ਸੀਟਾਂ ਤੱਕ ਪਹੁੰਚਣਗੇ। ਇਸ ਦਾ ਮਤਲਬ ਹੈ ਕਿ ਨੈਸ਼ਨਲ ਨੂੰ ਨਿਊਜ਼ੀਲੈਂਡ ਫ਼ਸਟ ਦੀਆਂ 6 ਸੀਟਾਂ ਦੀ ਲੋੜ ਹੋਵੇਗੀ। ਕਿਉਂਕਿ ਨੈਸ਼ਨਲ ਪਾਰਟੀ ਦੀਆਂ 49 ਤੇ ਐਕਟ 11 ਦੀਆਂ ਮਿਲਾ ਕੇ 60 ਸੀਟਾਂ ਬਣਦੀਆਂ ਹਨ ਜੇ ਉਨ੍ਹਾਂ ਨੂੰ ਐਨਜ਼ੈੱਡ ਫ਼ਸਟ ਦੀਆਂ 6 ਸੀਟਾਂ ਮਿਲ ਜਾਂਦੀਆਂ ਹਨ ਤਾਂ 66 ਸੀਟਾਂ ਦੇ ਆਂਕੜੇ ਨਾਲ ਉਹ ਅਰਾਮ ਨਾਲ ਸਰਕਾਰ ਬਣਾ ਸਕਦੇ ਹਨ।
ਹੁਣ ਲੱਗਦਾ ਹੈ ਕਿ ਕ੍ਰਿਸਟੋਫਰ ਲਕਸਨ ਨੂੰ ਅਸਲੀਅਤ ਸਮਝ ਆ ਗਈ ਰਹੀ ਹੈ ਅਤੇ ਉਨ੍ਹਾਂ ਨੇ ਹੁਣ ਆਪਣੇ ਇਰਾਦਿਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਉਹ ਪੀਟਰਸ ਦਾ ਫ਼ੋਨ ਚੁੱਕ ਲੈਣਗੇ।
ਨਿਊਜ਼ਹਬ-ਰੀਡ ਰਿਸਰਚ ਪੋਲ 17 ਸਤੰਬਰ ਤੋਂ 23 ਸਤੰਬਰ ਦੇ ਵਿਚਕਾਰ 3.1% ਦੇ ਤਰੁੱਟੀ ਦੇ ਮਾਰਜਨ ਨਾਲ ਕਰਵਾਇਆ ਗਿਆ ਸੀ।