ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਸਕਿੱਲਡ ਮਾਈਗ੍ਰਾਂਟ ਅਤੇ ਪੇਰੇਂਟ ਕੈਟਾਗਰੀ ਲਈ ਈ.ਓ.ਆਈ. 6 ਮਹੀਨਿਆਂ ਤੱਕ ਮੁਲਤਵੀ

2021 ਦੇ ਵਿੱਚ ਇਸ ਫ਼ੈਸਲੇ ਨੂੰ ਦੁਬਾਰਾ ਵਿਚਾਰਿਆ ਜਾਵੇਗਾ
ਆਕਲੈਂਡ, 19 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) –
ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਕੋਰੋਨਾ ਬਿਮਾਰੀ ਨੇ ਐਨਾ ਕੁ ਦੂਸਰੇ ਕੰਮਾਂ ਵਿੱਚ ਲਾਇਆ ਹੋਇਆ ਹੈ ਕਿ ਉਹ ਚਾਹੁੰਦੀ ਹੈ ਕਿ ਪਹਿਲਾਂ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਮੌਜੂਦ ਹਨ ਜਾਂ ਜਿਹੜੇ ਸਰਹੱਦਾਂ ਦੇ ਬੰਦ ਹੋਣ ਦੇ ਬਾਵਜੂਦ ਇੱਥੇ ਵਾਪਸ ਪਰਤ ਆਉਣ ਦੇ ਯੋਗ ਹਨ ਉਨ੍ਹਾਂ ਨੂੰ ਇੱਥੇ ਬੁਲਾਇਆ ਜਾਵੇ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਹੁਨਰਮੰਦ ਪ੍ਰਵਾਸੀਆਂ (ਸਕਿੱਲਡ ਮਾਈਗ੍ਰਾਂਟ ਸ਼੍ਰੇਣੀ) ਅਤੇ ਮਾਪਿਆਂ ਦੀ ਰਿਹਾਇਸ਼ (ਪੇਰੇਂਟ ਸ਼੍ਰੇਣੀ) ਅਧੀਨ ਲੱਗਣ ਵਾਲੀਆਂ ਪੀ. ਆਰ. ਦੀਆਂ ਅਰਜ਼ੀਆਂ ਲਈ ਵਿਖਾਈ ਜਾਣ ਵਾਲੀ ਦਿਲਚਸਪੀ ‘ਐਕਸਪ੍ਰੈਸ਼ਨ ਆਫ਼ ਇੰਟਰਸਟ’ (ਈ. ਓ. ਆਈ.) ਨੂੰ 6 ਮਹੀਨਿਆਂ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਵਿੱਚ ਆਪਣੀ ਯੋਗਤਾ ਅਤੇ ਤਨਖ਼ਾਹ ਆਦਿ ਦਾ ਪੈਸਾ-ਧੇਲਾ ਦਿਖਾਇਆ ਜਾਂਦਾ ਹੈ ਤਾਂ ਕਿ ਦੱਸਿਆ ਜਾਵੇਗਾ ਕਿ ਮੈਂ ਪੱਕੀ ਅਰਜ਼ੀ ਲਾਉਣ ਦੇ ਯੋਗ ਹਾਂ। ਇਸ ਤੋਂ ਬਾਅਦ ਇਮੀਗ੍ਰੇਸ਼ਨ ਹਰੀ ਝੰਡੀ ਦੇ ਦਿੰਦੀ ਹੈ ਕਿ ਲਾ ਲਓ ਆਪਣੀ ਅਰਜ਼ੀ ਤੁਸੀਂ ਯੋਗ ਹੈ। ਪਰ ਅੱਜਕੱਲ੍ਹ ਇਮੀਗ੍ਰੇਸ਼ਨ ਆਪਣਾ ਸਾਰਾ ਧਿਆਨ ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਦੀਆਂ ਅਰਜ਼ੀਆਂ ਨੂੰ ਨਿਬੇੜਨ ਵਿੱਚ ਲਾ ਰਹੀ ਅਤੇ ਜਿਹੜੇ ਇੱਥੇ ਵਾਪਸ ਪਰਤ ਸਕਦੇ ਹਨ ਉਨ੍ਹਾਂ ਨੂੰ ਲਿਆਉਣ ਵੱਲ ਲੱਗੀ ਹੋਈ ਹੈ। ਇਹ ਫ਼ੈਸਲਾ 6 ਮਹੀਨਿਆਂ ਬਾਅਦ ਅਗਲੇ ਸਾਲ ਦੁਬਾਰਾ ਵਿਚਾਰਿਆ ਜਾਵੇਗਾ। ਸਰਕਾਰ ਨੇ ਅਪ੍ਰੈਲ ਮਹੀਨੇ ਇਨ੍ਹਾਂ ਸ਼੍ਰੇਣੀਆਂ ਅਧੀਨ ਈ. ਓ. ਆਈ. ਲੈਣੇ ਬੰਦ ਕਰ ਦਿੱਤੇ ਸਨ। ਵਰਨਣਯੋਗ ਹੈ ਕਿ 10 ਅਗਸਤ ਤੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ ਆਦਿ ਵੀ ਤਿੰਨ ਮਹੀਨੇ ਤੱਕ ਲੈਣੀਆਂ ਬੰਦ ਕੀਤੀਆਂ ਹੋਈਆਂ ਹਨ।