ਨਿਊਜ਼ੀਲੈਂਡ ‘ਚ ਨਸ਼ਿਆਂ ਦੀ ਖੇਪ ਨੂੰ ਬਿਜਲੀ ਵਾਲੀਆਂ ਮੋਟਰਾਂ ਵਿੱਚ ਲੁਕੋ ਕੇ ਲਿਆਉਣ ਲਈ ਪੰਜਾਬੀ ਦੋਸ਼ੀ ਕਰਾਰ

ਬਿਜਲੀ ਦੀਆਂ ਮੋਟਰਾਂ ਜਿਸ ਦੇ ਵਿੱਚ ਨਸ਼ਾ ਲੁਕੋ ਕੇ ਲਿਆਂਦਾ ਗਿਆ।

ਪੰਜਾਬੀ ਨਾਂਅ ਵੀ ਨਸ਼ਿਆਂ ਦੀ ਆਮਦ ਸ਼ਾਮਿਲ
ਆਕਲੈਂਡ 18 ਜੂਨ (ਹਰਜਿੰਦਰ ਸਿੰਘ ਬਸਿਆਲਾ) –
ਨਸ਼ਿਆਂ ਦੇ ਕਾਰੋਬਾਰ ਨੂੰ ਅੰਜਾਮ ਦੇਣ ਦੇ ਲਈ ਵਿਦੇਸ਼ਾਂ ਦੇ ਵਿੱਚ ਭਾਰਤੀਆ ਦਾ ਨਾਂਅ ਕੋਈ ਨਵਾਂ ਨਹੀਂ ਹੈ। ਹੁਣ ਨਿਊਜ਼ੀਲੈਂਡ ‘ਚ ਵੀ ਅਜਿਹਾ ਇਕ ਪੰਜਾਬੀ ਨਾਂਅ ਜੁੜ ਗਿਆ ਹੈ ਜਿਸ ਦਾ ਅਸਰ ਭਾਰਤੀ ਭਾਈਚਾਰੇ ਦੀ ਉੱਭਰਦੀ ਸ਼ਾਖ਼ ਉੱਤੇ ਪੈ ਸਕਦਾ ਹੈ। ਅੱਜ ਆਕਲੈਂਡ ਹਾਈ ਕੋਰਟ ਜਿੱਥੇ ਇਕ ਨਸ਼ਿਆਂ ਦੀ ਇਕ ਵੱਡੀ ਖੇਪ ਦਾ ਮਾਮਲਾ ਚੱਲ ਰਿਹਾ ਸੀ, ਵਿਖੇ ਹਰਪ੍ਰੀਤ ਲਿੱਧੜ ਨਾਂਅ ਦਾ ਵਿਅਕਤੀ ਦੋਸ਼ੀ ਪਾਇਆ ਗਿਆ ਜਿਸ ਨੇ ਕਲਾਸ-ਏ ਦਾ ਮੈਥਾਫੇਟਾਮਿਨ (ਸਿੰਥੈਟਿਕ ਨਸ਼ਾ) 14 ਕਿੱਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿੱਲੋਗ੍ਰਾਮ ਤੱਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਦੇ ਵਿੱਚ ਲੁਕੋ ਕੇ ਇੱਥੇ ਮੰਗਵਾਇਆ ਸੀ। ਕਾਨੂੰਨ ਅਨੁਸਾਰ ਨਸ਼ਾ ਆਯਾਤ ਕਰਨ ਦੇ ਦੋਸ਼ ਵਿੱਚ ਹੁਣ ਦੋਸ਼ੀ ਨੂੰ ਜੀਵਨ ਭਰ ਦੀ ਸਜ਼ਾ ਵੀ ਮਿਲ ਸਕਦੀ ਹੈ। ਅੱਜ ਹਰਪ੍ਰੀਤ ਲਿੱਧੜ ਦੀ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ਕਰਵਾਈ ਗਈ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿੱਚ ਦੋ ਕੈਨੇਡੀਅਨ ਵੀ ਸ਼ਾਮਿਲ ਪਾਏ ਗਏ ਸਨ। ਇਸ ਮਾਮਲੇ ਵਿੱਚ ਹਰਪ੍ਰੀਤ ਲਿੱਧੜ ਦੇ ਉੱਤੇ 14 ਕਿੱਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ। ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸ ਦੀ ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ। ਜਾਂਚ ਦੇ ਵਿੱਚ ਅੰਤਰਰਾਸ਼ਟਰੀ ਗ੍ਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸ ਨੂੰ ਹਾਈ ਰਿਸਕ ਸ਼੍ਰੇਣੀ ਵਿੱਚ ਰੱਖ ਕੇ ਜਾਂਚ ਕੀਤੀ ਗਈ ਸੀ। ਪਿਛਲੇ ਸਾਲ 6 ਸਤੰਬਰ ਨੂੰ ਇਸ ਖ਼ਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਸ਼ਿਪ ਦੇ ਵਿੱਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਦੇ ਵਿੱਚ 8 ਕਿੱਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰੱਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ਼ ਨੇ ਉਸ ਸਮੇਂ ਇਸ ਜਾਂਚ-ਪੜਤਾਲ ਦੇ ਵਿੱਚ ਹਿੱਸਾ ਲਿਆ ਸੀ ਤੇ ਆਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿੱਚ ਵੀ 15 ਕਿੱਲੋਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿੱਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ। ਨਿਊਜ਼ੀਲੈਂਡ ਇਕ ਵਧਾਈ ਦੇਸ਼ ਹੈ ਅਤੇ ਇੱਥੇ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਦਾ ਨਾਂਅ ਆ ਜਾਣਾ ਸੱਚਮੁੱਚ ਬਹੁਤ ਹੀ ਹੈਰਾਨੀ ਭਰਿਆ ਹੈ।