ਨਿਵੇਸ਼ ਟਿਕਾਣਿਆਂ ਪੱਖੋਂ ਪੰਜਾਬ, ਭਾਰਤ ਦੇ ਪਹਿਲੇ ਤਿੰਨ ਸੂਬਿਆਂ ਵਿੱਚੋਂ ਇਕ-ਭਾਰਤੀ ਰਿਜ਼ਰਵ ਬੈਂਕ

ਬਾਦਲ ਹੁਣਾ ਕਾਂਗਰਸੀ ਨੇਤਾਵਾਂ ਨੂੰ ਰਿਜ਼ਰਵ ਬੈਂਕ ਦੀ ਰਿਪੋਰਟ ਪੜ੍ਹਨ ਲਈ ਆਖਿਆ
ਚੰਡੀਗੜ੍ਹ, 12 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਭਾਰਤੀ ਰਿਜ਼ਰਵ ਬੈਂਕ ਦੀ ਸਾਲ 2012-13 ਦੀ ਉਹ ਰਿਪੋਰਟ ਜਿਸ ਵਿੱਚ ਪੰਜਾਬ ਨੂੰ ਨਿਵੇਸ਼ ਪੱਖੋਂ ਦੇਸ਼ ਦੇ ਪਹਿਲੇ ਤਿੰਨ ਵਧੀਆ ਸੂਬਿਆਂ ਵਿੱਚੋਂ ਇੱਕ ਦਰਸਾਇਆ ਗਿਆ ਹੈ, ਨੂੰ ਉਨ੍ਹਾਂ ਕਾਂਗਰਸੀ ਨੇਤਾਵਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਰਿਪੋਰਟ ਕਰਾਰ ਦਿੱਤਾ ਹੈ ਜੋ ਹਮੇਸ਼ਾ ਆਪਣੇ ਹੀ ਸੂਬੇ ਦੀ ਨਕਾਰਾਤਮਿਕ ਤਸਵੀਰ ਉਘਾੜਨ ਦਾ ਕੋਈ ਮੌਕਾ ਨਹੀਂ ਛੱਡਦੇ। ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ ਨਿਵੇਸ਼ ਪੱਖੋਂ ਦੇਸ਼ ਦੇ ਤਿੰਨ ਸਭ ਤੋਂ ਵੱਧ ਆਕਰਸ਼ਿਤ ਸੂਬਿਆਂ ਵਿਚੋਂ ਪੰਜਾਬ ਵੀ ਸ਼ਾਮਲ ਹੈ ਜਿਸ ਨੇ ਇਸ ਪੱਖ ਤੋਂ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਗੁਜਰਾਤ, ਬਿਹਾਰ ਅਤੇ ਪੱਛਮੀ ਬੰਗਾਲ ਨੂੰ ਪਛਾੜਿਆ ਹੈ। ਸ. ਬਾਦਲ ਨੇ ਆਖਿਆ ਕਿ ਕਾਂਗਰਸੀ ਨੇਤਾਵਾਂ ਨੂੰ ਇਹ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਕੇਂਦਰ ਵਿੱਚ ਉਨ੍ਹਾਂ ਦੀ ਹੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਗਵਾਂਢੀ ਰਾਜਾਂ ਨੂੰ ਵੱਧ ਰਿਆਇਤਾਂ ਦੇਣ ਦੀ ਪੰਜਾਬ ਵਿਰੋਧੀ ਮਾਰੂ ਨੀਤੀ ਦੇ ਬਾਵਜੂਦ ਵੀ ਪੰਜਾਬ ਨੇ ਇਹ ਦਰਜਾ ਹਾਸਲ ਕੀਤਾ ਹੈ। ਸ. ਬਾਦਲ ਨੇ ਆਖਿਆ ਕਿ ਪੰਜਾਬ…… ਨੂੰ ਇਹ ਦਰਜਾ ਮਿਲਣ ਦੇ ਪਿੱਛੇ ਉਨ੍ਹਾਂ ਦੀ ਸਰਕਾਰ ਵਲੋਂ ਰਾਜ ਵਿੱਚ ਕੀਤੀਆਂ ਪਹਿਲਕਦਮੀਆਂ ਦਾ ਹੀ ਸਿੱਟਾ ਹੈ ਜਿਨ੍ਹਾਂ ਵਿੱਚ ਸੂਬੇ ਵਿੱਚ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ, ਮਜ਼ਬੂਤ ਬੁਨਿਆਦੀ ਢਾਂਚੇ ਦੀ ਉਸਾਰੀ, ਬਿਜਲੀ ਦੀ ਪੈਦਾਵਾਰ ਵਿੱਚ ਹੋਇਆ ਸੁਧਾਰ, ਨਿਵੇਸ਼ਕਾਰਾਂ ਪੱਖੀ ਸਨਅਤੀ ਨੀਤੀ ਅਤੇ ਕਿਰਤੀ ਹੱਕੀ ਸਾਜ਼ਗਾਰ ਮਾਹੌਲ ਸ਼ਾਮਲ ਹੈ।
ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸੀ ਨੇਤਾ ਇਸ ਹਕੀਕਤ ਨੂੰ ਅੱਖੋਂ ਪਰੋਖੇ ਕਰਦੇ ਹੋਏ ਪੰਜਾਬ ਦੀ ਸ਼ਾਨ ਨੂੰ ਦੇਸ਼ ਵਿੱਚ ਢਾਹ ਲਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਕੀ ਇਹ ਨੇਤਾ ਰਿਜ਼ਰਵ ਬੈਂਕ ਦੀ ਇਸ ਰਿਪੋਰਟ ਤੋਂ ਵੀ ਇਨਕਾਰੀ ਹੋ ਸਕਦੇ ਹਨ? ਸ. ਬਾਦਲ ਨੇ ਆਖਿਆ ਕਿ ਪੰਜਾਬ ਦੇ ਕਾਂਗਰਸੀ ਨੇਤਾ ਆਪਣੀ ਸਾਰੀ ਊਰਜਾ ਆਪਣੇ ਹੀ ਸੂਬੇ ਤੇ ਉਸ ਦੀਆਂ ਪ੍ਰਾਪਤੀਆਂ ਨੂੰ ਫਿੱਕਾ ਪਾਉਣ ਲਈ ਖਪਤ ਕਰ ਰਹੇ ਹਨ। ਉਹ ਯੋਜਨਾਬੱਧ ਏਜੰਡੇ ਤਹਿਤ ਨਿਵੇਸ਼ ਰੋਕਣ ਲਈ ਆਪਣੇ ਹੀ ਸੂਬੇ ਦੇ ਅਕਸ ਨੂੰ ਢਾਹ ਲਾਉਣ ‘ਤੇ ਉਤਰੇ ਹੋਏ ਹਨ। ਉਨ੍ਹਾਂ ਦੇ ਭਾਸ਼ਣਾਂ ਤੇ ਸਰਗਰਮੀਆਂ ਨੇ ਬੀਤੇ ਵਿੱਚ ਸੂਬੇ ‘ਚ ਨਿਵੇਸ਼ ਪੱਖੀ ਮਾਹੌਲ ਨੂੰ ਬਹੁਤ ਬੁਰੀ ਢਾਹ ਲਾਈ ਤਾਂ ਕਿ ਨਿਵੇਸ਼ਕਾਰਾਂ ਸਾਹਮਣੇ ਸਾਡੇ ਪ੍ਰਤੀ ਗਲਤ ਤੇ ਗੈਰ-ਵਾਜਬ ਵਾਲੀ ਤਸਵੀਰ ਪੇਸ਼ ਕੀਤੀ ਜਾ ਸਕੇ ਪਰ ਅਸੀਂ ਇਸ ਸਭ ਦੇ ਬਾਵਜੂਦ ਅਸੀਂ ਆਪਣਾ ਭਰੋਸਾ ਕਾਇਮ ਰੱਖਣ ਵਿੱਚ ਕਾਮਯਾਬ ਰਹੇ। ਮੁੱਖ ਮੰਤਰੀ ਨੇ ਕਾਂਗਰਸੀ ਨੇਤਾਵਾਂ ਵਿਸ਼ੇਸ਼ ਤੌਰ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਇਹ ਰਿਪੋਰਟ ਪੜ੍ਹਨ ਲਈ ਆਖਿਆ। ਬੈਂਕ ਦੀ ਰਿਪੋਰਟ ਮੁਤਾਬਕ ਦੇਸ਼ ਦੀ ਕੁੱਲ ਆਬਾਦੀ ਦਾ ਡੇਢ ਫ਼ੀਸਦੀ ਅਤੇ ਦੇਸ਼ ਦੇ ਕੁੱਲ ਖੇਤਰ ਦਾ 2 ਫ਼ੀਸਦੀ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਦੇਸ਼ ਦੇ ਕੁੱਲ ਨਿਵੇਸ਼ ਦਾ ਤਕਰੀਬਨ 13ਸਦੀ ਨਿਵੇਸ਼ ਹੋਇਆ ਹੈ ਜਿਸ ਸਦਕਾ ਇਹ ਸੂਬਾ ਇਸ ਸਮੇਂ ਦੌਰਾਨ ਨਿਵੇਸ਼ ਪੱਖੋਂ ਤਿੰਨ ਸਿਖਰਲੇ ਆਕਰਸ਼ਿਤ ਸੂਬਿਆਂ ਵਿੱਚ ਸ਼ਾਮਲ ਹੋਇਆ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਉਸ ਵੇਲੇ ਹੋਰ ਵੀ ਵਧੀ ਜਦੋਂ ਨਿਵੇਸ਼ ਦੇ ਖੇਤਰ ਵਿੱਚ ਦੇਸ਼ ਡਾਵਾਂਡੋਲ ਸਥਿਤੀ ਵਿੱਚ ਸੀ। ਰਿਜ਼ਰਵ ਬੈਂਕ ਦੀ ਰਿਪੋਰਟ ਨੇ ਜਦੋਂ ਦੇਸ਼ ਵਿੱਚ ਹਰ ਪੱਧਰ ‘ਤੇ ਨਿਵੇਸ਼ ਦੀ ਰਫ਼ਤਾਰ ਨੂੰ ਮੱਠਾ ਦਰਸਾਇਆ ਹੈ, ਤਾਂ ਇਸੇ ਸੰਦਰਭ ਵਿੱਚ ਪੰਜਾਬ ਨਾ ਸਿਰਫ਼ ਅੱਗੇ ਵਧ ਰਿਹਾ ਦਰਸਾਇਆ ਹੈ ਬਲਕਿ ਹੋਰਾਂ ਲਈ ਇੱਕ ਮਿਸਾਲ ਵਜੋਂ ਵੀ ਦਰਸਾਇਆ ਗਿਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਨਿਵੇਸ਼ ਹਮੇਸ਼ਾ ਹੀ ਵਿਕਾਸ ਨੂੰ ਦਰਸਾਉਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਸਾਹਮਣੇ ਚੁਣੌਤੀਆਂ ਨਹੀਂ ਹਨ ਪਰ ਅਸੀਂ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਉਭਰਨ ਲਈ ਇਨ੍ਹਾਂ ਔਕੜਾਂ ਨੂੰ ਵੀ ਪਾਰ ਕੀਤਾ ਹੈ। ਮੈਨੂੰ ਉਮੀਦ ਹੈ ਕਿ ਉਹ ਕਾਂਗਰਸੀ ਨੇਤਾ ਜੋ ਸੂਬੇ ਦੀ ਆਰਥਿਕਤਾ ਬਾਰੇ ਅਲੋਚਨਾ ਕਰਦੇ ਹੋਏ ਆਪਣੀਆਂ ਰਾਤਾਂ ਦੀ ਨੀਂਦ ਖਰਾਬ ਕਰ ਰਹੇ ਹਨ, ਹੁਣ ਚੈਨ ਨਾਲ ਸੌਂ ਸਕਣਗੇ। ਸ. ਬਾਦਲ ਨੇ ਆਖਿਆ ਕਿ ਸੂਬੇ ਦੀ ਨਵੀਂ ਨਿਵੇਸ਼ ਪੱਖੀ ਨੀਤੀ ਦਾ ਐਲਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਜਿਸ ਤਹਿਤ ਸੂਬਾ ਕੌਮੀ ਪੱਧਰ ‘ਤੇ ਯਕੀਨਨ ਮੋਹਰੀ ਬਣ ਕੇ ਉਭਰੇਗਾ। ਸ. ਬਾਦਲ ਨੇ ਆਖਿਆ ਕਿ ਨਿਵੇਸ਼ ਦੇ ਖੇਤਰ ਵਿੱਚ ਪੰਜਾਬ  ਦੇ ਇਸ ਦਰਜੇ ਬਦਲੇ  ਕਾਂਗਰਸੀ ਨੇਤਾਵਾਂ ਨੂੰ ਹੁਣ ਆਪਣੇ ਸੂਬੇ ‘ਤੇ ਮਾਣ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਇਸ ਲਈ ਜੇਕਰ ਸਰਕਾਰ ਦਾ ਨਹੀਂ ਤਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਦਾ ਹੀ ਧੰਨਵਾਦ ਕਰਨਾ ਚਾਹੀਦਾ ਹੈ।