ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ ‘ਚ ਦੂਜੇ ਸਥਾਨ ’ਤੇ ਰਿਹਾ

ਯੂਜੀਨ, 17 ਸਤੰਬਰ – ਉਲੰਪਿਕ ਅਤੇ ਵਰਲਡ ਚੈਂਪੀਅਨ ਅਥਲੀਟ 25 ਸਾਲਾ ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ ਵਿੱਚ ਖ਼ਿਤਾਬ ਜਿੱਤਣ ’ਚ ਅਸਫ਼ਲ ਰਿਹਾ ਅਤੇ ਇੱਥੇ ਸ਼ਨਿੱਚਰਵਾਰ ਨੂੰ 83.80 ਮੀਟਰ ਦੂਰੀ ’ਤੇ ਨੇਜ਼ਾ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ। ਚੈੱਕ ਗਣਰਾਜ ਦੇ ਯਾਕੂਬ ਵਾਡਲੇਚ ਨੇ 84.24 ਮੀਟਰ ਦੀ ਕੋਸ਼ਿਸ਼ ਨਾਲ ਤੀਰੀ ਵਾਰ ਡਾਇਮੰਡ ਲੀਗ ਫਾਈਨਲ ਦਾ ਖ਼ਿਤਾਬ ਜਿੱਤਿਆ, ਉਸ ਨੇ ਆਪਣੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ’ਚ ਇਹ ਦੂਰੀ ਤੈਅ ਕੀਤੀ। ਫਿਨਲੈਂਡ ਦੇ ਓਲਿਵਰ ਹੈਲੇਂਡਰ ਨੇ 83.74 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜਾ ਸਥਾਨ ਹਾਸਲ ਕੀਤਾ।
ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਹੇਵਰਡ ਫੀਲਡ ’ਤੇ ਹੋਏ ਫਾਈਨਲ ਮੁਕਾਬਲੇ ’ਚ ਕਾਫ਼ੀ ਜੂਝਣਾ ਪਿਆ। ਉਸ ਦੀਆਂ ਦੋ ਕੋਸ਼ਿਸ਼ਾਂ ਫਾਊਲ ਹੋਈਆਂ ਅਤੇ ਸਰਵੋਤਮ ਪ੍ਰਦਰਸ਼ਨ ਦੂਜੀ ਕੋਸ਼ਿਸ਼ ’ਚ ਹਾਸਲ ਹੋਇਆ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਫਾਊਲ ਕਰਨ ਮਗਰੋਂ ਦੂਜੀ ਕੋਸ਼ਿਸ਼ ਵਿੱਚ 83.80 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟਿਆ। ਉਸ ਦੀਆਂ ਹੋਰ ਕੋਸ਼ਿਸ਼ਾਂ 81.37 ਮੀਟਰ, ਫਾਊਲ, 80.74 ਮੀਟਰ ਅਤੇ 80.90 ਮੀਟਰ ਰਹੀਆਂ। ਇਸ ਮੌਜੂਦਾ ਸੈਸ਼ਨ ਦੌਰਾਨ ਨੀਰਜ ਚੋਪੜਾ ਦਾ 85 ਮੀਟਰ ਤੋਂ ਘੱਟ ਦਾ ਪਹਿਲਾ ਪ੍ਰਦਰਸ਼ਨ ਹੈ। ਉਸ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਨੀਰਜ ਨੇ 2022 ਵਿੱਚ ਜਿਊਰਿਖ ’ਚ 88.44 ਮੀਟਰ ਦੀ ਕੋਸ਼ਿਸ਼ ਨਾਲ ਡਾਇਮੰਡ ਲੀਗ ਫਾਈਨਲ ਦਾ ਖ਼ਿਤਾਬ ਜਿੱਤਿਆ ਸੀ। ਹਾਲਾਂਕਿ ਅੱਜ ਦੇ ਮੁਕਾਬਲੇ ਦੌਰਾਨ ਕੋਈ ਵੀ ਖਿਡਾਰੀ 85 ਮੀਟਰ ਦੀ ਦੂਰੀ ਵੀ ਤੈਅ ਨਹੀਂ ਕਰ ਸਕਿਆ।