ਨੈਸ਼ਨਲ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਮੁੜ ਝੱਟਕਾ, ਪਾਰਟੀ ਲੀਡਰ ਟੌਡ ਮੂਲਰ ਦਾ ਅਸਤੀਫ਼ਾ

ਵੈਲਿੰਗਟਨ, 14 ਜੁਲਾਈ – ਦੇਸ਼ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਜਨਰਲ ਚੋਣਾਂ ਤੋਂ ਪਹਿਲਾਂ ਨੈਸ਼ਨਲ ਪਾਰਟੀ ਦੇ ਦਿਨ ਕੁੱਝ ਠੀਕ ਨਹੀਂ ਚੱਲ ਰਹੇ ਹਨ, ਕਿਉਂਕਿ ਪਾਰਟੀ ਨੂੰ ਮੁੜ ਉਸ ਵੇਲੇ ਝੱਟਕਾ ਲਾਗਾ ਜਦੋਂ ਲਗਭਗ 53 ਦਿਨ ਪਹਿਲਾਂ ਨਵੇਂ ਬਣੇ ਪਾਰਟੀ ਲੀਡਰ ਟੌਡ ਮੂਲਰ ਨੇ ਅੱਜ ਸਵੇਰੇ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਦਾ ਕਾਰਣ ਮੂਲਰ ਨੇ ਸਿਹਤ ਠੀਕ ਨਾ ਰਹਿਣਾ ਦੱਸਿਆ ਹੈ। ਉਹ 22 ਮਈ ਨੂੰ ਸਾਇਮਨ ਬ੍ਰਿਜਸ ਨੂੰ ਹਟਾ ਕੇ ਪਾਰਟੀ ਲੀਡਰ ਬਣੇ ਸਨ।
ਚੋਣਾਂ ਤੋਂ ਸਿਰਫ਼ 67 ਦਿਨ ਪਹਿਲਾਂ ਮੂਲਰ ਦਾ ਅਸਤੀਫ਼ਾ ਨੈਸ਼ਨਲ ਪਾਰਟੀ ਨੂੰ ਕਿਸ ਮੋੜ ਵੱਲ ਲੈ ਕੇ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ, ਵੈਸੇ ਅੱਜ ਰਾਤੀ ਪਾਰਟੀ ਕਾਕਸ ਦੇ ਮੈਂਬਰਾਂ ਦੀ ਮੀਟਿੰਗ ਹੈ ਜਿਸ ਵਿੱਚ ਭਵਿੱਖ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ। ਹੋ ਸਕਦਾ ਅੱਜ ਰਾਤ ਹੀ ਪਾਰਟੀ ਲੀਡਰ ਥਾਪ ਦਿੱਤਾ ਜਾਵੇ। ਹੁਣ ਪਾਰਟੀ ਲੀਡਰ ਦਾ ਕਾਰਜਭਾਰ ਹਾਲ ਦੀ ਘੜੀ ਡਿਪਟੀ ਲੀਡਰ ਨਿੱਕੀ ਕੇਅ ਸੰਭਾਲੇਗੀ ਜਦੋਂ ਤੱਕ ਨਵੀਂ ਪਾਰਟੀ ਲੀਡਰ ਨਹੀਂ ਥਾਪਿਆ ਜਾਂਦਾ।