ਨੈਸ਼ਨਲ ਪਾਰਟੀ ਲੀਡਰ ਜੂਡਿਥ ਕੌਲਿਨਜ਼ ਨੇ ਚੋਣਾਂ ਦੇਰ ਨਾਲ ਕਰਵਾਉਣ ਦੀ ਮੰਗ ਕੀਤੀ

ਵੈਲਿੰਗਟਨ, 12 ਅਗਸਤ – ਨੈਸ਼ਨਲ ਪਾਰਟੀ ਲੀਡਰ ਜੂਡਿਥ ਕੌਲਿਨਜ਼ ਨੇ ਚੋਣਾਂ ਦੇਰੀ ਨਾਲ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਚੋਣਾਂ ਨਵੰਬਰ ਦੇ ਅਖੀਰ ਤੱਕ ਅੱਗੇ ਪਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਵਿਰੋਧੀ ਧਿਰ ਚੋਣ ਪ੍ਰਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਆਕਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ 4 ਕੇਸ ਆਉਣ ਤੋਂ ਬਾਅਦ ਜੈਸਿੰਡਾ ਸਰਕਾਰ ਨੇ ਅੱਜ ਦੁਪਹਿਰ 12.00 ਵਜੇ ਤੋਂ ਆਕਲੈਂਡ ਵਿੱਚ ਲੌਕਡਾਉਨ ਲੱਗਾ ਦਿੱਤਾ, ਜਦੋਂ ਕਿ ਦੇਸ਼ ਦੇ ਬਾਕੀ ਹਿੱਸਾ ‘ਚ ਅਲਰਟ ਲੈਵਲ 2 ਲਾਗੂ ਕਰ ਦਿੱਤਾ ਗਿਆ।
ਨੈਸ਼ਨਲ ਪਾਰਟੀ ਲੀਡਰ ਕੌਲਿਨਜ਼ ਨੇ ਕਿਹਾ ਕਿ ਚੋਣ ਕਰਵਾਉਣਾ ਉਚਿੱਤ ਨਹੀਂ ਹੋਵੇਗਾ ਜਦੋਂ ਕਿ ਵਿਰੋਧੀ ਧਿਰ ਪ੍ਰਚਾਰ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਚੋਣਾਂ ਕਰਵਾਉਣੀਆਂ ਠੀਕ ਨਹੀਂ ਲੱਗਦੀਆਂ।
ਉਨ੍ਹਾਂ ਇਸ ਮਾਮਲੇ ਬਾਰੇ ਚੋਣ ਕਮਿਸ਼ਨ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਚੋਣਾਂ ਨੂੰ 5 ਜਾਂ 6 ਹਫ਼ਤੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਵੋਟਰਾਂ ਬਾਰੇ ਸੋਚਣ ਦੀ ਲੋੜ ਹੈ ਕਿ ਉਹ ਚੋਣਾਂ ਵਾਲੇ ਦਿਨ ਵੋਟ ਪਾ ਸਕਣਗੇ। ਇਸ ਲਈ ਚੋਣਾਂ ਨੂੰ ਨਵੰਬਰ ਤੱਕ ਮੁਲਤਵੀ ਕੀਤਾ ਜਾਵੇ ਜਾਂ ਅਗਲੇ ਸਾਲ ਕਰਵਾਈਆਂ ਜਾਣ। ਜ਼ਿਕਰਯੋਗ ਹੈ ਕਿ ਆਕਲੈਂਡ ਵਿੱਚ ਲੌਕਡਾਉਨ ਲੱਗਣ ਅਤੇ ਦੇਸ਼ ਦੇ ਬਾਕੀ ਹਿੱਸਾ ‘ਚ ਅਲਰਟ ਲੈਵਲ 2 ਲਾਗੂ ਹੋਣ ਨਾਲ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਰੱਦ ਕਰ ਦਿੱਤੇ ਹਨ।
ਨੈਸ਼ਨਲ ਪਾਰਟੀ ਲੀਡਰ ਕੌਲਿਨਜ਼ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿੱਚ ਪਾਰਟੀ ਚੋਣ ਪ੍ਰਚਾਰ ਦੇ ਅਭਿਆਨ ਨੂੰ ਲਾਗੂ ਕਰਨ ਜਾ ਰਹੀ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਅਜਿਹੇ ਵੇਲੇ ਬੈਲਟ ਪੇਪਰ ਰਾਹੀ ਚੋਣਾਂ ਕਰਵਾਉਣਾ ਦਾ ਇਹ ਕੋਈ ਰਸਤਾ ਨਹੀਂ ਹੈ।
ਪਾਰਲੀਮੈਂਟ ਸਾਹਮਣੇ ਮੀਡੀਆ ਨਾਲ ਗੱਲਬਾਤ ਕਰਨ ਮੌਕੇ ਪਾਰਟੀ ਲੀਡਰ ਜੂਡਿਥ ਕੌਲਿਨਜ਼ ਦੇ ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਿਹਤ ਬੁਲਾਰੇ ਸ਼ੈਨ ਰੇਤੀ, ਡਿਪਟੀ ਲੀਡਰ ਅਤੇ ਗੈਰੀ ਬ੍ਰਾਊਨਲੀ ਮੌਜੂਦ ਸਨ।