ਪਟਿਆਲਾ ਵਿੱਚ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਟਕਰਾਅ ਕਾਰਣ ਕਰਫ਼ਿਊ ਲਗਾਇਆ

ਪਟਿਆਲਾ, 29 ਅਪ੍ਰੈਲ – ਪਟਿਆਲਾ ਸ਼ਹਿਰ ‘ਚ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਟਕਰਾਅ ਕਾਰਨ ਗੰਭੀਰ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਵਿੱਚ ਅੱਜ ਰਾਤ ਦਾ ਕਰਫ਼ਿਊ ਲਾ ਦਿੱਤਾ ਗਿਆ ਹੈ। ਜਾਰੀ ਹੁਕਮ ਅਨੁਸਾਰ ਸ਼ੁੱਕਰਵਾਰ ਸ਼ਾਮੀਂ 7 ਵਜੇ ਤੋਂ ਲੈ ਕੇ ਸ਼ਨਿਚਰਵਾਰ ਸਵੇਰੇ 6 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ।
ਖ਼ਬਰਾਂ ਮੁਤਾਬਿਕ ਇੱਥੇ ਸਿੱਖ ਜਥੇਬੰਦੀਆਂ ਵੱਲੋਂ ਖ਼ਾਲਿਸਤਾਨ ਦੇ ਹੱਕ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਖ਼ਾਲਿਸਤਾਨ ਦੇ ਖ਼ਿਲਾਫ਼ ਮਾਰਚ ਕੱਢਣ ਦੇ ਐਲਾਨ ਕਾਰਨ ਦੋਵਾਂ ਧਿਰਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਕਾਰਣ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ। ਇੱਥੇ ਕਾਲੀ ਮਾਤਾ ਮੰਦਰ ਦੇ ਨੇੜੇ ਮਾਲ ਰੋਡ ‘ਤੇ ਦੋਵਾਂ ਧਿਰਾਂ ਦਰਮਿਆਨ ਪਥਰਾਅ ਹੋਇਆ, ਕਾਰਨ ਪੁਲੀਸ ਨੂੰ ਹਵਾਈ ਫਾਇਰ ਕਰਨੇ ਪਏ। ਇਸ ਦੌਰਾਨ ਜਿੱਥੇ ਖ਼ਾਲਿਸਤਾਨ ਖ਼ਿਲਾਫ਼ ਸ਼ਿਵ ਸੈਨਾ ਬਾਲ ਠਾਕਰੇ ਦੇ ਸਥਾਨਕ ਹਿੰਦੂ ਜਥੇਬੰਦੀ ਵੱਲੋਂ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਖਾਲਸਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਸਮੇਤ ਕੁੱਝ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਆਗੂ ਅਤੇ ਨਿਹੰਗ ਸਿੰਘ ਵੀ ਪੁੱਜੇ ਹੋਏ ਹਨ। ਭਾਵੇਂ ਕਿ ਤਣਾਅ ਦੇ ਹਾਲਾਤ ਅਜੇ ਵੀ ਬਣੇ ਹੋਏ ਹਨ ਪਰ ਪੁਲੀਸ ਦਾ ਦਾਅਵਾ ਹੈ ਕਿ ਹਾਲਾਤ ਕਾਬੂ ਵਿੱਚ ਹਨ। ਇਸ ਘਟਨਾ ਵਿੱਚ ਇੱਕ ਐੱਸਐਚਓ ਸਮੇਤ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਇੱਕ ਸਿੱਖ ਦੇ ਗੋਲੀ ਲੱਗਣ ਦੀ ਵੀ ਗੱਲ ਕਹਿ ਜਾ ਰਹੀ ਹੈ। ਇਸ ਦੌਰਾਨ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ ਹੈ।