ਪਤੀ-ਪਤਨੀ ਦੀ ਤਕਰਾਰ ਭਰੀ ਦਿਲਚਸਪ ਫਿਲਮ ‘ਸੌਂਕਣ-ਸੌਂਕਣੇ’

ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ। ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ‘ਸੌਂਕਣ-ਸੌਂਕਣੇ’ ਵੀ ਅੰਬਰਦੀਪ ਨੇ ਲਿਖੀ ਹੈ ਜਿਸ ਵਿੱਚ ਐਮੀ ਵਿਰਕ ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦਾ ਪਤੀ ਬਣਿਆ ਹੈ। ਕੁੱਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਖ਼ੂਬ ਪਸੰਦ ਕੀਤਾ ਹੈ। ਜਿਸ ਤੋਂ ਆਸ ਹੈ ਕਿ ਇਹ ਫਿਲਮ ਪੰਜਾਬੀ ਪਰਦੇ ‘ਤੇ ਚੰਗਾ ਪਿਆਰ ਹਾਸਲ ਕਰੇਗੀ।
ਨਾਦ ਐੱਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੇ ਬੈਨਰ ਦੀ ਇਸ ਫਿਲਮ ਵਿੱਚ ਗਾਇਕ ਤੇ ਅਦਾਕਾਰ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ, ਨਿਰਮਲ ਰਿਸ਼ੀ, ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ।
ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖ਼ੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਪਤੀ ਪਤਨੀ ਦਾ ਰਿਸ਼ਤਾ ਜਿੱਥੇ ਪਿਆਰ ਤੇ ਮੁਹੱਬਤ ਭਰਿਆ ਹੈ ਉੱਥੇ ਇੱਕ ਦੂਜੇ ਨਾਲੋਂ ਵਧ ਹੱਕ ਜਤਾਉਣ ਵਾਲਾ ਵੀ ਹੈ। ਜੇਕਰ ਇਹ ਹੱਕ ਦੋ ਪਤਨੀਆਂ ਵੱਲੋਂ ਹੋਵੇ ਤਾਂ ਕਹਾਣੀ ਹੋਰ ਵੀ ਗੁੰਝਲਦਾਰ ਤੇ ਜੱਗ ਹਸਾਉਣ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਇਹ ਫਿਲਮ ਪਰਿਵਾਰਕ ਵੰਸ਼ ਨੂੰ ਅੱਗੇ ਚਲਾਉਣ ਲਈ ਸੰਤਾਨ ਪ੍ਰਾਪਤੀ ਦੀ ਇੱਛਾ ਤਹਿਤ ਦੋ ਪਤਨੀਆਂ ਦੇ ਮੱਕੜ-ਜਾਲ ਵਿੱਚ ਫਸੇ ਪਤੀ ਦੀ ਸਥਿਤੀ ਬਿਆਨ ਦੀ ਪਰਿਵਾਰਕ ਕਹਾਣੀ ਅਧਾਰਿਤ ਹੈ। ਜਿੱਥੇ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਉੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਕਲਚਰ ਨਾਲ ਵੀ ਜੋੜੇਗੀ। ਫਿਲਮ ਦਾ ਗੀਤ ਸੰਗੀਤ ਵੀ ਢੁਕਵਾਂ ਹੈ। ਸੰਗੀਤ ਦੇਸੀ ਕਰੀਓ ਵੱਲੋਂ ਦਿੱਤਾ ਗਿਆ ਹੈ। ਗੀਤ ਬੰਟੀ ਬੈਂਸ, ਰਾਜ ਰਣਜੋਧ, ਰੌਣੀ ਅੰਜਲੀ ਅਤੇ ਅਰਜਣ ਵਿਰਕ ਨੇ ਲਿਖੇ ਹਨ ਜਿਨ੍ਹਾਂ ਨੂੰ ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ। 13 ਮਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000