ਪਰਕਸ ਵੱਲੋਂ ਡਾ. ਖ਼ੇਮ ਸਿੰਘ ਗਿੱਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 17 ਸਤੰਬਰ 2019: ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਨੇ ਡਾ.ਖ਼ੇਮ ਸਿੰਘ ਗਿੱਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ,ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਕੱਤਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਦਮ ਭੂਸ਼ਨ ਨਾਲ ਸਨਮਾਨਿਤ ਡਾ. ਗਿੱਲ ਅੰਤਰ-ਰਾਸ਼ਟਰੀ ਖੇਤੀ ਵਿਗਿਆਨੀ ਸਨ ਜਿਨ੍ਹਾਂ ਨੇ ਨਾ ਕੇਵਲ ਭਾਰਤ ਸਗੋਂ ਪਾਕਿਸਤਾਨ ਵਿਚ ਵੀ ਹਰਾ ਇਨਕਲਾਬ ਲਿਆਉਣ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ 1949 ਵਿਚ ਖੇਤੀਬਾੜੀ ਵਿਚ ਬੀ.ਐਸਸੀ.ਕੀਤੀ , ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ 1951 ਵਿਚ ਐਮ. ਐੱਸ ਸੀ. ਤੇ 1963 ਵਿਚ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਤੋਂ ਪੀ-ਐੱਚ.ਡੀ. ਕੀਤੀ।ਉਹ ਖ਼ੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵੱਖ ਵੱਖ ਆਹੁਦਿਆਂ ਤੇ ਰਹਿ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਇ ਉਨ੍ਹਾਂ ਨੂੰ 1990 ਵਿੱਚ ਇਸੇ ਯੂਨੀਵਰਸਿਟੀ ਵਿਚ ਉੱਪ- ਕੁਲਪਤੀ ਨਿਯੁਕਤ ਕੀਤਾ ਗਿਆ ,ਜਿੱਥੋਂ ਉਹ 1993 ਵਿਚ ਸੇਵਾ ਮੁਕਤ ਹੋਇ। ਉਨ੍ਹਾਂ ਦੇ ਸਮੇਂ ਯੂਨੀਵਰਸਿਟੀ ਨੇ ਕਈ ਖੇਤਰਾਂ ਵਿਚ ਮੱਲਾਂ ਮਾਰੀਆਂ । ਉਨ੍ਹਾਂ ਨੇ ਕਣਕ,ਤਿੱਲ, ਬਾਜਰਾ , ਜੌਂ ਤੇ ਹੋਰ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ ਤੇ 475 ਦੇ ਕ੍ਰੀਬ ਖ਼ੋਜ ਪੱਤਰ ਤੇ ਲੇਖ ਲਿੱਖਣ ਤੋਂ ਇਲਾਵਾ 17 ਵਿਦਿਆਰਥੀਆਂ ਨੂੰ ਪੀ-ਐੱਚ.ਡੀ. ਕਰਵਾਈ।
ਸੇਵਾ ਮੁਕਤੀ ਪਿੱਛੋਂ ਉਨ੍ਹਾਂ ਨੇ ਉਨ੍ਹਾਂ ਨੇ ਆਪਣੀ ਜਿੰਦਗੀ ਪੰਜਾਬ, ਪੰਜਾਬੀਅਤ ਤੇ ਸਿੱਖੀ ਨੂੰ ਪ੍ਰਫ਼ੁਲਤ ਕਰਨ ਲਈ ਬੜੂ ਸਾਹਿਬ ਐਜ਼ੂਕੇਸ਼ਨ ਟਰੱਸਟ ਨਾਲ ਜੁੜ ਕੇ ਲਾ ਦਿੱਤੀ। ਉੁਹ ਪਰਕਸ ਦੇ ਕਈ ਸਮਾਗਮਾਂ ਦੀ ਸ਼ਾਨ ਵੀ ਬਣੇ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਕਦੇ ਨਾ ਪੂਰਾ ਕੀਤਾ ਜਾਣਾ ਵਾਲਾ ਘਾਟਾ ਪਿਆ ਹੈ ਤੇ ਪੰਜਾਬੀ ਸਾਹਿਤ ਜਗਤ ਇੱਕ ਵਿਦਵਾਨ ਤੋਂ ਵਾਂਝਾ ਹੋ ਗਿਆ ਹੈ।ਭਾਵੇਂ ਉਹ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਰਚਨਾਵਾਂ ਤੇ ਕੀਤੇ ਕਾਰਜ ਉਨ੍ਹਾਂ ਦੇ ਨਾਂ ਨੂੰ ਹਮੇਸ਼ਾਂ ਕਾਇਮ ਰਖਣਗੇ।