ਪਹਿਲਵਾਨ ਵਿਨੇਸ਼ ਫੋਗਾਟ ਨੇ ਖੇਲ ਰਤਨ ਤੇ ਅਰਜੁਨ ਪੁਰਸਕਾਰ ਮੋੜੇ

ਨਵੀਂ ਦਿੱਲੀ, 30 ਦਸੰਬਰ – ਵਿਸ਼ਵ ਚੈਂਪੀਅਨਸ਼ਿਪ ’ਚ ਕਈ ਵਾਰ ਤਗਮੇ ਜਿੱਤਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਖੇਲ ਰਤਨ ਤੇ ਅਰਜੁਨ ਪੁਰਸਕਾਰ ਮੋੜ ਦਿੱਤੇ ਹਨ ਅਤੇ ਦਿੱਲੀ ਪੁਲੀਸ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਜਾਣ ਤੋਂ ਰੋਕੇ ਜਾਣ ’ਤੇ ਉਸ ਨੇ ਦੋਵੇਂ ਪੁਰਸਕਾਰ ਕਰਤੱਵਿਆ ਪਥ ਦੇ ਵਿਚਾਲੇ ਹੀ ਛੱਡ ਦਿੱਤੇ। ਪਹਿਲਵਾਨ ਵਿਨੇਸ਼ ਨੇ ਉਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨਾਲ ਮਿਲ ਕੇ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੈ ਸਿੰਘ ਦੀ ਚੋਣ ਦਾ ਵਿਰੋਧ ਕੀਤਾ ਸੀ। ਇਨ੍ਹਾਂ ਤਿੰਨਾਂ ਨੇ ਬ੍ਰਿਜਭੂਸ਼ਨ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ।