ਪਹਿਲਵਾਨ ਸਾਕਸ਼ੀ ਨੇ ਭਾਰਤ ਦੀ ਝੋਲੀ ‘ਚ ਪਹਿਲਾ ਤਗਮਾ ਪਾਇਆ

18_08_2016-sakshi13ਰੀਓ ਡੀ ਜਨੇਰੀਓ, 18 ਅਗਸਤ –  ਭਾਰਤੀ ਦੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਭਾਰਤ ਨੂੰ ਰੀਓ ‘ਚ ਪਹਿਲ ਤਗਮਾ ਦਵਾਇਆ ਅਤੇ ਭਾਰਤ ਦਾ ਤਗਮੇ ਦਾ ਸੋਕਾ ਖ਼ਤਮ ਕੀਤਾ। ਪਹਿਲਵਾਨ ਸਾਕਸ਼ੀ ਮਲਿਕ ਨੇ ਮਹਿਲਾ ਰੇਸਲਿੰਗ ਦੇ 58 ਕਿੱਲੋ ਗ੍ਰਾਮ ਫ਼ਰੀ ਸਟਾਈਲ ਮੁਕਾਬਲੇ ਵਿੱਚ ਕਿਰਗਿਸਤਾਨ ਦੀ ਏਸੁਲੂ ਤੀਨਿਵੇਕੋਵਾ ਨੂੰ 8-5 ਹਰਾ ਕੇ ਕਾਂਸੇ ਦਾ ਤਗਮਾ ਜਿਤਿਆ। ਪਹਿਲਵਾਨ ਸਾਕਸ਼ੀ ਨੇ ਕਾਂਸੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਅਤੇ ਉਹ ਪਹਿਲੀ ਭਾਰਤੀ ਤੀਵੀਂ ਰੇਸਲਰ ਬਣ ਗਈ ਹੈ ਜਿਸ ਨੇ ਉਲੰਪਿਕ ਵਿੱਚ ਕੋਈ ਤਗਮਾ ਜਿਤਿਆ ਹੈ। ਇਸ ਦੇ ਇਲਾਵਾ ਉਹ ਭਾਰਤੀ ਉਲੰਪਿਕ ਇਤਿਹਾਸ ਦੀ ਚੌਥੀ ਮਹਿਲਾ ਖਿਡਾਰਨ ਹੈ ਜਿਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਸਾਕਸ਼ੀ ਤੋਂ ਪਹਿਲਾਂ ਕਰਣਮ ਮਲੇਸ਼ਵਰੀ, ਮੈਰੀ ਕੋਮ ਅਤੇ ਸਾਇਨਾ ਨੇਹਵਾਲ ਇਹ ਕਮਾਲ ਕਰ ਚੁੱਕੀ ਹੈ।
ਸਾਕਸ਼ੀ ਨੂੰ ਇਹ ਮੁਕਾਬਲਾ ਜਿੱਤਣ ਲਈ ਕਾਫ਼ੀ ਸੰਘਰਸ਼ ਕਰਣਾ ਪਿਆ ਕਿਉਂਕਿ ਪਹਿਲੇ ਰਾਉਂਡ ਵਿੱਚ ਸਾਕਸ਼ੀ ਆਪਣੀ ਵਿਰੋਧੀ ਤੋਂ 0-5 ਨਾਲ ਹਾਰ ਗਈ ਸੀ। ਇਸ ਦੇ ਬਾਅਦ ਦੂਜੇ ਰਾਉਂਡ ਵਿੱਚ ਸ਼ੁਰੂਆਤ ਵਿੱਚ ਪਛੜਨ ਦੇ ਬਾਅਦ ਉਨ੍ਹਾਂ ਨੇ ਜ਼ਬਰਦਸਤ ਤਰੀਕੇ ਨਾਲ ਵਾਪਸੀ ਕੀਤੀ ਅਤੇ 8-5 ਤੋਂ ਮੁਕਾਬਲਾ ਆਪਣੇ ਨਾਮ ਕੀਤਾ।