ਪਹਿਲਵਾਨ ਸਾਕਸ਼ੀ ਮਲਿਕ ਵੱਲੋਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ

ਨਵੀਂ ਦਿੱਲੀ, 21 ਦਸੰਬਰ – ਰੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ (31) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਫ਼ਾਦਾਰ ਸੰਜੈ ਸਿੰਘ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਰੋਸ ਵਜੋਂ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਕਸ਼ੀ, ਜਿਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ, ਨੇ ਆਪਣੇ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ, ‘‘ਅਸੀਂ ਆਪਣੇ ਦਿਲ ਤੋਂ ਲੜੇ, ਪਰ ਜੇਕਰ ਬ੍ਰਿਜ ਭੂਸ਼ਣ ਵਰਗਾ ਸ਼ਖ਼ਸ, ਉਸ ਦਾ ਕਾਰੋਬਾਰੀ ਭਾਈਵਾਲ ਤੇ ਵਫ਼ਾਦਾਰ ਡਬਲਿਊਐੱਫਆਈ ਦਾ ਪ੍ਰਧਾਨ ਚੁਣਿਆ ਗਿਆ ਹੈ, ਤਾਂ ਮੈਂ ਕੁਸ਼ਤੀ ਛੱਡ ਰਹੀ ਹਾਂ।’’ ਉਂਜ ਨਾਟਕੀ ਐਲਾਨ ਮੌਕੇ ਮਲਿਕ ਨੇ ਆਪਣੇ ਜੂਤੇ ਮੇਜ਼ ’ਤੇ ਰੱਖੇ। ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਨੇ ਕਿਹਾ, ‘‘ਅਸੀਂ ਮਹਿਲਾ ਪ੍ਰਧਾਨ ਚਾਹੁੰਦੇ ਸੀ, ਪਰ ਅਜਿਹਾ ਨਹੀਂ ਹੋਇਆ।
ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਓਲੰਪਿਕ ਤਗ਼ਮਾ ਜੇਤੂ ਪਹਿਲਵਾਨਾਂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵਾਰ ਵਾਰ ਇਹ ਅਪੀਲ ਕੀਤੀ ਸੀ ਕਿ ਬ੍ਰਿਜ ਭੂਸ਼ਣ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਲੜਨ ਤੋਂ ਰੋਕਿਆ ਜਾਵੇ। ਹਾਲਾਂਕਿ ਬ੍ਰਿਜ ਭੂਸ਼ਣ ਦਾ ਪੁੱਤਰ ਪ੍ਰਤੀਕ ਜਾਂ ਉਸ ਦਾ ਜਵਾਈ ਵਿਸ਼ਾਲ ਸਿੰਘ ਚੋਣ ਮੈਦਾਨ ਵਿੱਚ ਨਹੀਂ ਨਿੱਤਰੇ। ਫੈਡਰੇਸ਼ਨ ਦੀਆਂ ਚੋਣਾਂ ਮਗਰੋਂ ਪਹਿਲਵਾਨ ਬਜਰੰਗ ਤੇ ਵਿਨੇਸ਼ ਫੋਗਾਟ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ, ਪਰ ਉਨ੍ਹਾਂ ਨੇ ਕੁਸ਼ਤੀ ਦੀ ਖੇਡ ਤੋਂ ਸੇਵਾਮੁਕਤੀ ਬਾਰੇ ਕੋਈ ਗੱਲ ਨਹੀਂ ਕੀਤੀ। ਬਜਰੰਗ ਨੇ ਕਿਹਾ, ‘‘ਬਦਕਿਸਮਤੀ ਨਾਲ ਸਰਕਾਰ ਨੇ ਆਪਣੇ ਉਹ ਬੋਲ ਪੁਗਾਏ ਨਹੀਂ ਕਿ ਬ੍ਰਿਜ ਭੂਸ਼ਣ ਦਾ ਕੋਈ ਵੀ ਵਫ਼ਾਦਾਰ ਡਬਲਿਊਐੱਫਆਈ ਚੋਣਾਂ ਨਹੀਂ ਲੜੇਗਾ।’’ ਵਿਨੇਸ਼ ਨੇ ਕਿਹਾ, ‘‘ਉਭਰਦੀਆਂ ਮਹਿਲਾ ਪਹਿਲਵਾਨਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’ ਇਸੇ ਦੌਰਾਨ ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਭਾਰਤ ਦੇ ਲੋਕ ਭਾਜਪਾ ਸਰਕਾਰ ਤੋਂ ਇਨਸਾਫ ਮੰਗਦੇ ਇਨ੍ਹਾਂ ਪਹਿਲਵਾਨਾਂ ਦੇ ਹੰਝੂਆਂ ਦਾ ਕਰਾਰਾ ਜਵਾਬ ਦੇਣਗੇ।