ਪਹਿਲੇ ਟੀ-20 ਵਿੱਚ ਨਿਊਜ਼ੀਲੈਂਡ ਦੀ ਭਾਰਤ ‘ਤੇ 20 ਦੌੜਾਂ ਦੀ ਸ਼ਾਨਦਾਰ ਜਿੱਤ

ਵੈਲਿੰਗਟਨ, 7 ਫਰਵਰੀ – ਇੱਥੇ ਦੇ ਵੈਸਟਪੈਕ ਸਟੇਡੀਅਮ ਵਿਖੇ 6 ਫਰਵਰੀ ਨੂੰ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਦੀ ਟੀ-20 ਮੈਚਾਂ ਵਿੱਚ ਦੌੜਾਂ ਦੇ ਹਿਸਾਬ ਨਾਲ  ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਦੌੜਾਂ ਦੇ ਅੰਤਰ ਨਾਲ ਭਾਰਤ ਦੀ ਸਭ ਤੋਂ ਵੱਡੀ ਹਾਰ ਆਸਟਰੇਲੀਆ ਵਿਰੁੱਧ ਮਈ 2010 ਵਿੱਚ ਬਰਿੱਜਟਾਊਨ ਵਿੱਚ ਹੋਈ ਸੀ, ਉਦੋਂ ਟੀਮ 49 ਦੌੜਾਂ ਨਾਲ ਹਾਰ ਗਈ ਸੀ। ਆਸਟਰੇਲੀਆ ਦੇ ਇਤਿਹਾਸਕ ਦੌਰੇ ਬਾਅਦ ਨਿਊਜ਼ੀਲੈਂਡ ਨੂੰ ਵਨਡੇ ਸੀਰੀਜ਼ ਵਿੱਚ 4-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਖੇਤਰਾਂ ਵਿੱਚ ਫਿਸੱਡੀ ਨਜ਼ਰ ਆਈ। ਭਾਰਤ ਦੀ ਪਿਛਲੇ 10 ਟੀ-20 ਮੈਚਾਂ ਤੋਂ ਬਾਅਦ ਪਹਿਲੀ ਹਾਰ ਹੈ।
ਨਿਊਜ਼ੀਲੈਂਡ ਵੱਲੋਂ 4 ਵਿਕਟਾਂ ਉੱਤੇ 219 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 19.2 ਓਵਰਾਂ ਵਿੱਚ 139 ਦੌੜਾਂ ਉੱਤੇ ਹੀ ਆਊਟ ਹੋ ਗਈ। ਨਿਊਜ਼ੀਲੈਂਡ ਗੇਂਦਬਾਜ਼ ਅੱਗੇ ਕੋਈ ਵੀ ਭਾਰਤੀ ਬੱਲੇਬਾਜ਼ ਟਿਕ ਨਹੀਂ ਸਕਿਆ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਟਿਮਸਾਊਦੀ ਨੇ 3 ਵਿਕਟਾਂ ਲਈਆਂ, ਉਸ ਤੋਂ ਇਲਾਵਾ ਲੋਕੀ ਫਰਗਿਊਸਨ, ਈਸ਼ ਸੋਢੀ ਅਤੇ ਮਿਚਲ ਸਨੇਟਰ ਨੇ 2-2 ਵਿਕਟ ਲਏ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਨੇ ਭਾਰਤੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਂਦਿਆਂ 43 ਗੇਂਦਾਂ ਵਿੱਚ 84 ਦੌੜਾਂ ਬਣਾਈਆਂ। ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਪਹਿਲੇ ਟੀ-20 ਮੈਚ ਵਿੱਚ ਭਾਰਤ ਵਿਰੁੱਧ 6 ਵਿਕਟਾਂ ਉੱਤੇ 219 ਦੌੜਾਂ ਦਾ ਸਕੋਰ ਬਣਾਇਆ। ਟਵੰਟੀ-20 ਵਿੱਚ ਸੀਫਰਟ ਦਾ ਪਿਛਲਾ ਸਭ ਤੋਂ ਵਧੀਆ ਸਕੋਰ 14 ਦੌੜਾਂ ਦਾ ਸੀ। ਸੀਫਰਟ ਨੇ ਆਪਣੀ ਪਾਰੀ ਦੇ ਵਿੱਚ 7 ਚੌਕੇ ਅਤੇ 6 ਛੱਕੇ ਜੜੇ। 
ਨਿਊਜ਼ੀਲੈਂਡ ਟੀਮ 3 ਟੀ-20 ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੋ ਗਈ ਹੈ ਤੇ ਹੁਣ ਦੂਜਾ ਟੀ-20 ਮੈਚ 8 ਫਰਵਰੀ ਦਿਨ ਸ਼ੁੱਕਰਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਸਟੇਡੀਅਮ ਵਿੱਚ ਹੋਵੇਗਾ।