ਪਹਿਲੇ ਪੜਾਅ ਦੀਆਂ 91 ਸੀਟਾਂ ਲਈ ਮਤਦਾਨ ਹੋਇਆ

ਨਵੀਂ ਦਿੱਲੀ, 16 ਅਪ੍ਰੈਲ – 11 ਅਪ੍ਰੈਲ ਦਿਨ ਵੀਰਵਾਰ ਨੂੰ ਆਮ ਚੋਣਾਂ ਦੇ ਪਹਿਲੇ ਪੜਾਅ ਦੌਰਾਨ 18 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਰਾਜਾਂ ਦੀਆਂ 91 ਸੀਟਾਂ ਲਈ ਮਤਦਾਨ ਹੋਇਆ। ਇਕ ਅੰਦਾਜ਼ੇ ਅਨੁਸਾਰ 9 ਕਰੋੜ ਤੋਂ ਵੱਧ ਭਾਰਤੀਆਂ ਨੇ ਵੋਟਾਂ ਪਾਈਆਂ। ਇਸ ਦੌਰਾਨ ਕਈ ਥਾਵਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਮਿਲੀਆਂ। ਪਹਿਲੇ ਪੜਾਅ ਦੌਰਾਨ ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ, ਨਿਤਿਨ ਗਡਕਰੀ, ਮਹੇਸ਼ ਸ਼ਰਮਾ, ਕਿਰਨ ਰੀਜਿਜੂ, ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ, ਤਰੁਣ ਗੋਗੋਈ ਦੇ ਪੁੱਤਰ ਗੌਰਵ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਯੰਤ ਚੌਧਰੀ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈਵੀਐਮ ‘ਚ ਬੰਦ ਹੋ ਗਈ ਹੈ।
ਪੱਛਮੀ ਬੰਗਾਲ ਦੀਆਂ 2 ਸੀਟਾਂ ਕੂਚ ਬਿਹਾਰ ਅਤੇ ਅਲੀਪੁਰਦੁਆਰ ‘ਚ ਸਭ ਤੋਂ ਵੱਧ 81 ਫੀਸਦੀ ਵੋਟਾਂ ਪਈਆਂ ਜਦੋਂ ਕਿ ਸਭ ਤੋਂ ਘੱਟ ਬਿਹਾਰ ਦੀਆਂ ਚਾਰ ਸੀਟਾਂ ਲਈ 50 ਫੀਸਦੀ ਪੋਲਿੰਗ ਹੋਈ।
ਆਂਧਰਾ ਪ੍ਰਦੇਸ਼ ਵਿੱਚ ਸਾਰੀਆਂ ਲੋਕ ਸਭਾ (25) ਅਤੇ ਵਿਧਾਨ ਸਭਾ (175) ਸੀਟਾਂ ‘ਤੇ 73 ਫੀਸਦ ਮਤਦਾਨ ਹੋਇਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ‘ਤੇ ਕਰੀਬ 64 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ‘ਚ 65.40, ਬਾਗਪਤ ‘ਚ 63.9, ਮੇਰਠ ‘ਚ 63, ਕੈਰਾਨਾ ‘ਚ 62.10 ਅਤੇ ਗੌਤਮਬੁੱਧ ਨਗਰ ‘ਚ 60.1 ਫੀਸਦੀ ਮਤਦਾਨ ਹੋਇਆ। ਉੱਤਰਾਖੰਡ ‘ਚ ਲੋਕ ਸਭਾ ਦੀਆਂ 5 ਸੀਟਾਂ ‘ਤੇ ਕਰੀਬ 58 ਫੀਸਦੀ ਵੋਟਾਂ ਪਈਆਂ। ਸਾਲ 2014 ਦੇ ਮੁਕਾਬਲੇ ਇਸ ਵਾਰ ਮਤਦਾਨ ‘ਚ 4 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਵੋਟਾਂ ਹਰਿਦੁਆਰ ‘ਚ 66.24 ਅਤੇ ਨੈਨੀਤਾਲ ‘ਚ 66.39 ਫੀਸਦੀ ਪਈਆਂ। ਸਭ ਤੋਂ ਘੱਟ ਵੋਟਿੰਗ ਅਲਮੋੜਾ ‘ਚ ਹੋਈ ਜਿੱਥੇ ਸਿਰਫ਼ 48.78 ਫੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਖਾਤੇ ‘ਚ ਸੂਬੇ ਦੀਆਂ ਸਾਰੀਆਂ 5 ਸੀਟਾਂ ਗਈਆਂ ਸਨ। ਉਧਰ ਜੰਮੂ ਕਸ਼ਮੀਰ ਦੀਆਂ 2 ਸੀਟਾਂ ਜੰਮੂ ਅਤੇ ਬਾਰਾਮੂਲਾ ‘ਚ 54.49 ਫੀਸਦੀ ਵੋਟਿੰਗ ਹੋਈ ਹੈ ਜੋ 2014 ‘ਚ 57.19 ਫੀਸਦੀ ਸੀ।
ਜੰਮੂ ‘ਚ ਸਭ ਤੋਂ ਵੱਧ 72.16 ਫੀਸਦੀ ਪੋਲਿੰਗ ਹੋਈ ਜਦੋਂ ਕਿ ਬਾਰਾਮੂਲਾ ‘ਚ 34.61 ਫੀਸਦੀ ਵੋਟਾਂ ਪਈਆਂ। ਬਾਰਾਮੂਲਾ ਹਲਕੇ ਦੇ ਕੁਪਵਾੜਾ ਜ਼ਿਲ੍ਹੇ ‘ਚ ਸਭ ਤੋਂ ਵੱਧ 47.7 ਫੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਬਸਤਰ ਸੀਟ ‘ਤੇ ਕਰੀਬ 57 ਫੀਸਦ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਨਾਰਾਇਣਪੁਰ ਜ਼ਿਲ੍ਹੇ ਦੇ ਹਰਿਮਰਕਾ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟ ਪਾਈ। ਇਸ ਸੰਸਦੀ ਸੀਟ ਦੇ ਘੇਰੇ ਵਿੱਚ ਵਿਧਾਨ ਸਭਾ ਖੇਤਰ ਕੋਂਟਾ, ਦਾਂਤੇਵਾੜਾ, ਬੀਜਾਪੁਰ ਤੇ ਨਾਰਾਇਣਪੁਰ ਵਿੱਚ ਸਵੇਰੇ 7.00 ਵਜੇ ਤੋਂ ਦੁਪਹਿਰੇ 3.00 ਵਜੇ ਤੱਕ ਵੋਟਾਂ ਪਈਆਂ।
ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ 3 ਗੇੜਾਂ ਵਿੱਚ ਵੋਟਾਂ ਪੈਣਗੀਆਂ। ਮੇਘਾਲਿਆ ਵਿੱਚ 5.00 ਵਜੇ ਤੱਕ 62 ਫੀਸਦ ਤੇ ਤਿਲੰਗਾਨਾ ਵਿੱਚ 61 ਫੀਸਦ ਮਤਦਾਨ ਦੀ ਸੂਚਨਾ ਹੈ। ਮਹਾਰਾਸ਼ਟਰ ਦੀਆਂ 7 ਸੀਟਾਂ ‘ਤੇ ਕਰੀਬ 55.78 ਫੀਸਦ ਵੋਟਾਂ ਪਈਆਂ ਹਨ। ਰਾਜ ਵਿੱਚ ਸਭ ਤੋਂ ਘੱਟ ਨਾਗਪੁਰ ਸੀਟ ‘ਤੇ 41.24 ਫੀਸਦ ਤੇ ਸਭ ਤੋਂ ਵੱਧ ਗੜ੍ਹਚਿਰੌਲੀ ਚਿਮੂਰ ਸੀਟ ‘ਤੇ 57 ਫੀਸਦ ਵੋਟਾਂ ਪਈਆਂ ਹਨ। ਨਾਗਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਚੋਣ ਲੜ ਰਹੇ ਹਨ।
ਅਰੁਣਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਸਾਰੀਆਂ ਅਤੇ ਲੋਕ ਸਭਾ ਦੀਆਂ 2 ਸੀਟਾਂ ਲਈ 66 ਫੀਸਦ, ਮਿਜ਼ੋਰਮ ਵਿੱਚ 55.20 ਫੀਸਦ ਤੇ ਅਸਾਮ ਵਿੱਚ 59.5 ਫੀਸਦ ਲੋਕਾਂ ਨੇ ਵੋਟਾਂ ਪਾਈਆਂ ਹਨ। ਤ੍ਰਿਪੁਰਾ ‘ਚ 81 ਫੀਸਦ, ਮਨੀਪੁਰ ‘ਚ 75 ਫੀਸਦ ਅਤੇ ਨਾਗਾਲੈਂਡ ‘ਚ 78.76 ਫੀਸਦ ਵੋਟਿੰਗ ਹੋਈ ਹੈ। ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀਆਂ ਚਾਰ ਸੀਟਾਂ ਲਈ 66 ਫੀਸਦ ਮਤਦਾਨ ਹੋਇਆ।