ਪਾਣੀ ‘ਚ ਡੁੱਬੀਆਂ ਚੰਡੀਗੜ੍ਹ ਤੇ ਮੋਹਾਲੀ ਦੀਆਂ ਸੜਕਾਂ

ਦੁਕਾਨਾਂ ਅੰਦਰ ਦਾਖ਼ਲ ਹੋਇਆ ਮੀਂਹ ਦਾ ਪਾਣੀ
ਚੰਡੀਗੜ੍ਹ, 21 ਅਗਸਤ (ਏਜੰਸੀ) – ਬੀਤੀ ਰਾਤ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੋਈ ਭਾਰੀ ਬਾਰਿਸ਼ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬਾਰਿਸ਼ ਕਾਰਨ ਜਿਥੇ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਉਥੇ ਮੋਟਰ ਸਾਈਕਲ ਚਾਲਕਾਂ, ਕਾਰ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਬੇਹੱਦ…… ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ ਹੀ ਨਹੀਂ ਬਲਕਿ ਮੋਹਾਲੀ ਵਿੱਚ ਮੀਂਹ ਨੇ ਬੁਰਾ ਹਾਲ ਕੀਤਾ। ਮੋਹਾਲੀ ਨੇੜਲੇ ਪਿੰਡ ਸੋਹਾਣਾ ਵਿੱਚ ਤਾਂ ਬਾਰਿਸ਼ ਦਾ ਪਾਣੀ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਤੋਂ ਇਲਾਵਾ ਮੋਹਾਲੀ ਸ਼ਹਿਰ ਨੇੜਲੇ ਕਈ ਪਿੰਡਾਂ ਦੀਆਂ ਸੜਕਾਂ, ਜਿਨ੍ਹਾਂ ‘ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਤੋਂ ਲੰਘਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਜਦੋਂ ਕਿ ਕਿਸੇ ਮਰੀਜ਼ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਹੋਵੇ ਤਾਂ ਬੰਦਾ ਸੌ ਵਾਰ ਸੋਚਦਾ ਹੈ ਕਿ ਪਤਾ ਨਹੀਂ ਉਹ ਇਨ੍ਹਾਂ ਸੜਕਾਂ ਤੋਂ ਸਹੀ-ਸਲਾਮਤ ਸਿਰੇ ਲੱਗੇਗਾ ਵੀ ਜਾਂ ਨਹੀਂ।
ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਭਾਵੇਂ ਥੋੜ੍ਹੀ ਦੇਰ ਹੀ ਹੋਈ, ਪਰ ਇਸ ਬਾਰਿਸ਼ ਨੇ ਇਹ ਸਵਾਲ ਵੀ ਖੜ੍ਹੇ ਕਰ ਦਿੱਤੇ ਕੇ ਜੇਕਰ ਕੁਝ ਦੇਰ ਹੋਰ ਮੀਂਹ ਪੈਂਦਾ ਰਹਿੰਦਾ ਤਾਂ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ।