ਪਾਤਰਾ ਚਾਲ ਜ਼ਮੀਨੀ ਘੁਟਾਲਾ: ਸ਼ਿਵ ਸੈਨਾ ਦੇ ਆਗੂ ਸੰਜੈ ਰਾਊਤ ਨੂੰ 4 ਅਗਸਤ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ

ਮੁੰਬਈ, 1 ਅਗਸਤ – ਪਾਤਰਾ ਚਾਲ ਜ਼ਮੀਨੀ ਘੁਟਾਲੇ ਦੇ ਸਬੰਧ ’ਚ ਐਤਵਾਰ ਅੱਧੀ ਰਾਤ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੰਜੈ ਰਾਊਤ ਨੂੰ ਇਥੋਂ ਦੀ ਪੀਐੱਮਐੱਲਏ ਅਦਾਲਤ ਨੇ 4 ਅਗਸਤ ਤੱਕ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਨੇ ਦਾਅਵਾ ਕੀਤਾ ਹੈ ਕਿ ਰਾਊਤ ਦੇ ਘਰ ’ਚੋਂ ਸਾਢੇ 11 ਲੱਖ ਰੁਪਏ ਮਿਲੇ ਹਨ ਜਿਸ ਬਾਰੇ ਉਹ ਜਾਣਕਾਰੀ ਨਹੀਂ ਦੇ ਸਕੇ ਕਿ ਇਹ ਰਕਮ ਕਿੱਥੋਂ ਆਈ ਸੀ। ਈਡੀ ਨੇ ਅੱਜ ਰਾਊਤ ਨੂੰ ਜੱਜ ਐੱਮ ਜੀ ਦੇਸ਼ਪਾਂਡੇ ਦੀ ਅਦਾਲਤ ’ਚ ਪੇਸ਼ ਕੀਤਾ ਅਤੇ ਉਸ ਦਾ ਅੱਠ ਦਿਨਾਂ ਦਾ ਰਿਮਾਂਡ ਮੰਗਿਆ। ਈਡੀ ਵੱਲੋਂ ਪੇਸ਼ ਹੋਏ ਵਕੀਲ ਹਿਤੇਨ ਵੇਨੇਗਾਉਂਕਰ ਨੇ ਅਦਾਲਤ ਨੂੰ ਦੱਸਿਆ ਕਿ ਰਾਊਤ ਅਤੇ ਉਸ ਦਾ ਪਰਿਵਾਰ ਜੁਰਮ ਰਾਹੀਂ ਕਮਾਏ ਗਏ ਪੈਸੇ ਦਾ ਸਿੱਧਾ ਲਾਭਪਾਤਰੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਰਾਊਤ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਹੈ ਜਿਸ ਕਾਰਨ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਹਿ-ਮੁਲਜ਼ਮ ਪ੍ਰਵੀਨ ਰਾਊਤ ਤਾਂ ਸਿਰਫ਼ ਇਕ ਮੋਹਰਾ ਹੈ ਅਤੇ ਪਾਤਰਾ ਚਾਲ ਘੁਟਾਲੇ ਦੀ ਸਾਜ਼ਿਸ਼ ਪਿੱਛੇ ਸੰਜੈ ਰਾਊਤ ਦਾ ਹੱਥ ਹੈ। ਵੇਨੇਗਾਉਂਕਰ ਨੇ ਦਾਅਵਾ ਕੀਤਾ ਕਿ ਪ੍ਰਵੀਨ ਨੂੰ ਐੱਚਡੀਆਈਐੱਲ ਤੋਂ 112 ਕਰੋੜ ਰੁਪਏ ਮਿਲੇ ਸਨ ਜਿਸ ’ਚੋਂ 1.6 ਕਰੋੜ ਰੁਪਏ ਸੰਜੈ ਰਾਊਤ ਨੂੰ ਟਰਾਂਸਫਰ ਹੋਏ ਸਨ ਜਿਸ ਦੀ ਜਾਂਚ ਕਰਨ ਦੀ ਲੋੜ ਹੈ। ਈਡੀ ਨੇ ਇਹ ਵੀ ਦੋਸ਼ ਲਾਏ ਕਿ ਰਾਊਤ ਨੇ ਇਕ ਮਹਿਲਾ ਗਵਾਹ ਨੂੰ ਧਮਕੀ ਦਿੱਤੀ ਸੀ।
ਰਾਊਤ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਸ਼ੋਕ ਮੁੰਦਰਗੀ ਨੇ ਕਿਹਾ ਕਿ ਈਡੀ ਵੱਲੋਂ ਲਾਏ ਗਏ ਦੋਸ਼ ਅਸਪੱਸ਼ਟ ਹਨ ਅਤੇ ਇਹ ਸਿਆਸੀ ਬਦਲਾਖੋਰੀ ਦਾ ਮਾਮਲਾ ਹੈ। ਵਕੀਲ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਦਿਲ ਦੇ ਰੋਗ ਦਾ ਮਰੀਜ਼ ਹੈ ਅਤੇ ਹੁਣੇ ਜਿਹੇ ਉਸ ਦਾ ਅਪਰੇਸ਼ਨ ਵੀ ਹੋਇਆ ਹੈ। ਜੱਜ ਨੇ ਈਡੀ ਨੂੰ ਹਦਾਇਤ ਕੀਤੀ ਕਿ ਰਿਮਾਂਡ ਦੌਰਾਨ ਸੰਜੈ ਰਾਊਤ ਤੋਂ ਦੇਰ ਰਾਤ ਤੱਕ ਪੁੱਛ-ਪੜਤਾਲ ਕਰਨ ਦੀ ਬਜਾਏ ਉਸ ਨੂੰ ਕੁਝ ਆਰਾਮ ਦਿੱਤਾ ਜਾਵੇ।