ਪਾਪਾਟੋਏਟੋਏ ਲਾਇਬ੍ਰੇਰੀ: ਆਕਲੈਂਡ ਕੌਂਸਿਲ ਨੇ ਰੱਖਿਆ ਪਲੇਠਾ ਪ੍ਰੋਗਰਾਮ ਤੇ ਪੰਜ ਪੰਜਾਬੀ ਲੇਖਕਾਂ ਨੇ ਕਿਤਾਬਾਂ ਤੇ ਲਿਖਤਾਂ ਸੰਗ ਪਾਈ ਸਾਂਝ

ਕਿਤਾਬਾਂ ਅਤੇ ਲਿਖਾਰੀ, ਕੱਟਿਆ ਕੇਕ ਤੇ ਲਿਖਿਆ ‘ਵੀ ਰੀਡ ਔਕਲੈਂਡ’
-ਸਭਿਆਚਾਰਕ ਨਾਈਟਾਂ ’ਚ ਸ਼ਾਮਿਲ ਹੋਣ ਕਿਤਾਬਾਂ ਵੀ-ਨਿੰਮੀ ਬੇਦੀ
-ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਰੱਖਦੇ ਹਾਂ ਨਾਂਅ ਤਾਂ ਪੰਜਾਬੀ ਨਾਲ ਜੁੜੇ ਰਹੀਏ-ਰਣਜੀਤ ਸੰਧੂ
ਆਕਲੈਂਡ 27 ਅਗਸਤ 2022 (ਹਰਜਿੰਦਰ ਸਿੰਘ ਬਸਿਆਲਾ): ਪੰਜਾਬੀ ਕਹਾਉਣਾ ਹੋਵੇ ਤਾਂ ਪੰਜਾਬੀ ਭਾਸ਼ਾ ਆਉਣੀ ਜਰੂਰ ਬਣਦੀ ਹੈ। ਆਪਣੀ ਜ਼ੁਬਾਨ ਦੇ ਵਿਚ ਆਪਣੇ ਲੋਕਾਂ ਲਈ ਸੁਨੇਹਾ ਛੱਡਣਾ ਹੋਵੇ ਤਾਂ ਇਕ ਲੇਖਕ ਦੇ ਲਈ ਕਿਤਾਬਾਂ ਦੀ ਵੱਡੀ ਅਹਿਮੀਅਤ ਹੈ। ਲਾਇਬ੍ਰੇਰੀਆਂ ਇਨ੍ਹਾਂ ਕਿਤਾਬਾਂ ਦਾ ਘਰ ਹੈ ਅਤੇ ਜੇਕਰ ਗੋਰਿਆਂ ਦੇਸ਼ ਵਿਚ ਸਥਾਪਿਤ ਲਾਈਬ੍ਰੇਰੀਆਂ ਦੇ ਵਿਚ ਪੰਜਾਬੀ ਕਿਤਾਬਾਂ ਦਾ ਰੈਕ ਹੋਵੇ ਤਾਂ ਪੰਜਾਬੀ ਭਾਸ਼ਾ ਦਾ ਕੱਦ ਉਚਾ ਕਰਨ ਬਰਾਬਰ ਹੈ। ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੂੰ ਖੁਸ਼ੀ ਹੋਵੇਗੀ ਕਿ ਪਾਪਾਟੋਏਟੋਏ ਵਾਰ ਮੈਮੋਰੀਅਲ ਲਾਇਬ੍ਰੇਰੀ ਦੇ ਵਿਚ ਲਾਇਬ੍ਰੇਰੀਅਨ ਰੌਜਲੀਨ, ਮੈਡਮ ਸੁਨੀਤਾ ਵਿਜ ਤੇ ਮਨਪ੍ਰੀਤ ਕੌਰ ਦੇ ਯਤਨਾਂ ਸਦਕਾ ਪਹਿਲੀ ਵਾਰ ਆਕਲੈਂਡ ਕੌਂਸਿਲ ਵੱਲੋਂ ਇਥੇ ਇਕ ਪਲੇਠਾ ਪ੍ਰੋਗਰਾਮ ‘ਐਨ ਆਫਟਰਨੂਨ ਵਿਚ ਪੰਜਾਬੀ ਔਥਰਜ਼’ (ਇਕ ਦੁਪਹਿਰ ਪੰਜਾਬੀ ਲੇਖਕਾਂ ਦੇ ਨਾਲ) 1 ਤੋਂ 3 ਵਜੇ ਤੱਕ ਕਰਵਾਇਆ ਗਿਆ। ਇਸ ਪਲੇਠੇ ਪ੍ਰੋਗਰਾਮ ਦੇ ਵਿਚ ਪੰਜ ਪੰਜਾਬੀ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿਚ ਪਰਮਿੰਦਰ ਸਿੰਘ ਪਾਪਾਟੋਏਟੋਏ, ਰਣਜੀਤ ਸੰਧੂ, ਹਰਜਿੰਦਰ ਸਿੰਘ ਬਸਿਆਲਾ, ਜਸਪ੍ਰੀਤ ਕੌਰ ਸੈਣੀ ਅਤੇ ਸੁਖਪ੍ਰੀਤ ਭੇਲਾ ਸ਼ਾਮਿਲ ਸਨ। ਮੈਡਮ ਸੁਨੀਤਾ ਵਿੱਜ ਨੇ ਜੀ ਆਇਆਂ ਆਖਿਆ ਤੇ ਲਾਇਬ੍ਰੇਰੀਅਨ ਰੌਜਲੀਨ ਨੂੰ ਰਸਮੀ ਪ੍ਰੋਗਰਾਮ ਆਰੰਭ ਕਰਾਉਣ ਵਾਸਤੇ ਬੇਨਤੀ ਕੀਤੀ। ਰੌਜਲੀਨ ਹੋਰਾਂ ਕਿਹਾ ਕਿ ਉਨ੍ਹਾਂ ਨੂੰ ਪਾਪਾਟੋਏਟੋਏ ਲਾਇਬ੍ਰੇਰੀ ਦੇ ਵਿਚ ਪੰਜਾਬੀ ਲੇਖਕਾਂ ਨੂੰ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਡਮ ਨਿੰਮੀ ਬੇਦੀ ਹੋਰੀਂ ਇਸ ਪ੍ਰੋਗਰਾਮ ਦਾ ਸਟੇਜ ਸੰਚਾਲਨ ਕਰਨ ਪਹੁੰਚੇ ਜਿੱਥੇ ਉਨ੍ਹਾਂ ਵਾਰੋ-ਵਾਰੀ ਸਾਰੇ ਲੇਖਕਾਂ ਨਾਲ ਸਾਂਝ ਪਵਾਈ ਉਥੇ ਕੌਂਸਿਲ ਦੇ ਨਾਲ ਕੰਮ ਕਰਦਿਆਂ ਇਹ ਸੁਨੇਹਾ ਵੀ ਮਲਕੜੇ ਜਿਹਾ ਛੱਡ ਦਿੱਤਾ ਕਿ ਅਸੀਂ ਵਾਤਾਵਰਣ ਵਾਲੇ ਪਾਸੇ ਵੀ ਆਪਣਾ ਯੋਗਦਾਨ ਪਾਈਏ ਅਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਭਿਆਚਾਰਕ ਨਾਈਟਾਂ ਦੇ ਵਿਚ ਪੰਜਾਬੀ ਦੇ ਬੁੱਕ ਸਟਾਲ ਵੀ ਲਗਾਈਏ।
ਲੇਖਕ ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਹਾਲ ਹੀ ਵਿਚ ਆਪਣੀ ਪਲੇਠੀ ਪੁਸਤਕ ‘ਕੀਵੀਨਾਮਾ’ ਜਾਰੀ ਕੀਤੀ ਸੀ, ਇਸ ਸਬੰਧੀ ਉਨ੍ਹਾਂ ਆਪਣੀ ਗੱਲਬਾਤ ਦੇ ਵਿਚ ਕੈਨੇਡਾ ਫੇਰੀ ਅਤੇ ਆਪਣੀ ਨਿਊਜ਼ੀਲੈਂਡ ਧਰਤੀ ਉਤੇ ਆਮਦ ਅਤੇ ਆਸਟਰੇਲੀਆ ਦੇ ਜੀਵਨ ਉਥੇ ਪੰਛੀ ਝਾਤ ਪਵਾ ਕੇ ‘ਕੀਵੀਨਾਮਾ’ ਪੁਸਤਕ ਬਾਰੇ ਜਾਣਕਾਰੀ ਸਰੋਤਿਆਂ ਦੀ ਝੋਲੀ ਪਾ ਦਿੱਤੀ। ਵੱਡ ਅਕਾਰੀ ਇਸ ਪੁੱਸਤਕ ਦੇ ਵਿਚ ਜਿੱਥੇ ਕੀਵੀਆਂ ਦੀ ਗੱਲਾਂਬਾਤਾਂ ਹਨ, ਉਥੇ ਕੈਨੇਡਾ, ਅਮਰੀਕਾ, ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਦੀਆਂ ਉਹ ਗੱਲਾਂਬਾਤਾਂ ਹਨ ਜਿਨ੍ਹਾਂ ਨੂੰ ਲੇਖਕ ਦੀਆਂ ਨਜ਼ਰਾਂ ਨਾਲ ਤੱਕ ਕੇ ਸ਼ਬਦਾਂ ਦੇ ਵਿਚ ਕੈਦ ਕੀਤਾ ਗਿਆ ਹੈ।
ਲੇਖਕ ਰਣਜੀਤ ਸੰਧੂ, ਕਿਸਾਨ ਮੋਰਚੇ ਦੀ ਜਿੱਤ ਦੌਰਾਨ ਆਪਣੀ ਲਿਖਤ ‘ਆਪਾਂ ਕੀ ਲੈ ਕੇ ਚੱਲੇ ਆਂ’ ਨਾਲ ਪੂਰੀ ਦੁਨੀਆ ਤੇ ’ਚ ਵੱਸਦੇ ਸੰਘਰਸ਼ੀ ਕਿਸਾਨਾਂ ਦੇ ਬੋਲਾਂ ਨੂੰ ਆਪਣੇ ਸ਼ਬਦਾਂ ਰਾਹੀਂ ਕੋਕੇ ’ਚ ਨਗ ਵਾਂਗੂੰ ਜੜਨ ਵਾਲਾ ਚੜ੍ਹਦੀ ਉਮਰ ਦਾ ਲੇਖਕ ਇਸ ਗੱਲ ਉਤੇ ਜ਼ੋਰ ਦੇ ਗਿਆ ਕਿ ਜੇਕਰ ਅਸੀਂ ਆਪਣੇ ਨਾਂਅ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਹੁਕਮਨਾਮਾ ਲੈ ਕੇ ਰੱਖਦੇ ਹਾਂ ਤਾਂ ਪੰਜਾਬੀ ਨਾਲ ਜੁੜੇ ਰਹਿਣਾ ਸਾਡਾ ਫਰਜ਼ ਹੈ, ਅਤੇ ਇਹ ਜ਼ਰੂਰੀ ਬਣਦਾ ਹੈ।  ਨਿਊਜ਼ੀਲੈਂਡ ਵਿੱਚ ਰਹਿੰਦਿਆਂ ਹੱਥੀਂ ਕਿਰਤ ਕਰਨ ਦੇ ਨਾਲ-ਨਾਲ ਸਾਹਿਤ ਸਿਰਜਨਾ ਬਾਰੇ ਉਸਨੇ ਸਾਂਝ ਪਾਈ। ਆਪਣਾ ਸਾਹਿਤਕ ਸਫਰ ਉਹ ਜਾਰੀ ਰੱਖ ਕੇ ਆਉਣ ਵਾਲੇ ਸਮੇਂ ਵਿਚ ਪੰਜਾਬੀ ਪੁਸਤਕ ਮਾਲਾ ਦੇ ਵਿਚ ਇਕ ਮਣਕਾਂ ਜੜਨ ਦੇ ਲਈ ਉਤਾਵਲਾ ਹੈ।
ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ ਨੇ ਆਪਣੀ ਗੱਲ ਕਿਤਾਬਾਂ ਦੀ ਪਰਿਭਾਸ਼ਾ, ਇਤਿਹਾਸ ਅਤੇ ਸਫਰ ਨਾਲ ਸ਼ੁਰੂ ਕੀਤੀ। ਉਸਨੇ 2015 ਦੇ ਵਿਚ ਦੋ ਕਿਤਾਬਾਂ ‘ਅਜਬ ਗਜ਼ਬ ਦੇ ਰੰਗ’ ਅਤੇ ‘ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ’ ਪ੍ਰਕਾਸ਼ਿਤ ਕਰਵਾਈਆਂ ਸਨ ਜੋ ਕਿ ਅਖਬਾਰਾਂ ਦੇ ਵਿਚ ਛਪੀਆਂ ਲੇਖ ਲੜੀਆਂ ਬਾਰੇ ਦੱਸਿਆ। ਕਿਤਾਬ ‘ਅਜਬ ਗਜ਼ਬ’ ਦੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਲੇਖ ਹਨ ਅਤੇ ਸੂਚਨਾ ਤਕਨਾਲੋਜੀ ਦੀਆਂ ਖੋਜਾਂ ਬਾਰੇ ਲਿਖਿਆ ਹੋਇਆ ਹੈ, ਬਾਰੇ ਦੱਸਿਆ। 1990 ਦਾ ਦਹਾਕਾ ਐਨੀ ਤੇਜ਼ੀ ਨਾਲ ਸੂਚਨਾ ਤਕਨਾਲੋਜੀ ਵਿਚ ਵਧਿਆ ਕਿ ਦੁਨੀਆ ਪੋਟਿਆਂ ’ਤੇ ਆ ਕੇ ਰਹਿ ਗਈ ਹੈ।
ਲੇਖਿਕਾ ਜਸਪ੍ਰੀਤ ਕੌਰ ਸੈਣੀ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਂਝੇ ਰੂਪ ਵਿਚ ਛਪਦੀਆਂ ਕਿਤਾਬਾਂ ਦੇ ਵਿਚ ਆਪਣੀ ਲੇਖਨੀ ਨਾਲ ਲੇਖਿਕਾਂ ਦੀ ਸ਼੍ਰੇਣੀ ਵਿਚ ਆਪਣਾ ਨਾਂਅ ਦਰਜ ਕਰਾਇਆ ਹੋਇਆ ਹੈ ਜਿਵੇਂ ‘ਹਰਫ਼ ਨਾਦ’, ‘ਚਾਨਣ ਰੰਗੇ ਖੰਭ’,‘ਤਾਸਮਨ’, ‘ਸੁਪਨਿਆਂ ਦੀ ਪਰਵਾਜ਼’,‘ਆਪਣਾ ਮੂਲ ਪਛਾਣ’ ਅਤੇ ‘ਸਰਘੀ ਦੇ ਫੁੱਲ’ ਦੇ ਵਿਚ ਆਪਣੀਆਂ ਰਚਨਾਵਾਂ ਛਪਵਾਈਆਂ ਹਨ। ਉਨ੍ਹਾਂ ਆਪਣੇ 8 ਸਾਲ ਦੀ ਉਮਰ ਵਿਚ ਲਿਖੀ ਇਕ ਕਵਿਤਾ ਜੋ ਕਿ ਔਰਤ ਵਿਸ਼ੇ ਉਤੀ ਸੀ, ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਚਪਨ ਦਾ ਸ਼ੌਕ ਸੁਲਗ-ਸੁਲਗ ਕੇ ਹੁਣ ਜੋਤ ਬਣ ਗਿਆ ਹੈ ਅਤੇ ਇਸ ਦੀ ਰੌਸ਼ਨੀ ਵਿਚ ਕਵਿਤਾਵਾਂ ਹੋਰ ਨਿੱਖਰ ਰਹੀਆਂ ਹਨ।
ਲੇਖਕ ਸੁੱਖਪ੍ਰੀਤ ਭੇਲਾ ਨੇ ਦੱਸਿਆ ਕਿ ਛੋਟੀ ਉਮਰੇ ਬਜ਼ੁਰਗਾਂ ਦੀਆਂ ਗੱਲਾਂ ਇਕੱਠੀਆਂ ਕਰਨ ਦਾ ਸ਼ੌਕ ਉਸਨੂੰ ਕਿਤਾਬ ਲਿਖਣ ਪਾਸੇ ਲੈ ਗਿਆ, ਜਿਸ ਨੇ ਉਸਦੀ ਕਿਤਾਬ ‘ਇਕ ਰੀਝ’ ਛਪਵਾ ਦਿੱਤੀ। ਉਨ੍ਹਾਂ ਦੱਸਿਆ ਕਿ ਕਈ ਵਾਰ ਜਿਹੜੀਆਂ ਗੱਲਾਂ ਮੁਹੱਬਤ ਅਤੇ ਕੁਦਰਤ ਬਾਰੇ ਤੁਸੀਂ ਬੋਲ ਨੇ ਵਰਨਣ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸ਼ਬਦਾਂ ਦੀ ਮਾਲਾ ਵਿਚ ਪ੍ਰੋਅ ਨੇ ਭਾਵਨਾਵਾਂ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ। ਉਸਦੀ ਅਗਲੀ ਕਿਤਾਬ ‘ਸਾਡੇ ਦਾਦਿਆਂ ਦਾ ਦੌਰ’ ਉਸਦੀ ਆਉਣ ਵਾਲੀ ਪੁਸਤਕ ਹੋਵੇਗੀ ਜੋ ਸਾਡੇ ਵਡੇਰਿਆਂ ਦੇ ਤਜ਼ਰਬਿਆਂ ਦਾ ਨਿਖਰਿਆ ਰੂਪ ਰੂਪਾਂਤਰ ਕਰੇਗੀ।
ਸੱਤਾ ਵੈਰੋਵਾਲੀਆ ਨੇ ਲਵਾਈ ਗੀਤ ਨਾਲ ਹਾਜ਼ਰੀ ਨਿਊਜ਼ੀਲੈਂਡ ਵਸਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਸੱਤਾ ਵੈਰੋਵਾਲੀਆ ਨੇ ਆਪਣੇ ਇਕ ਚਰਚਿਤ ਗੀਤ ਨਾਲ ਹਾਜ਼ਰੀ ਲਗਵਾ ਕੇ ਇਸ ਸਮਾਗਮ ਨੂੰ ਰੌਣਕ ਭਰਿਆ ਬਣਾ ਦਿੱਤਾ।
ਕੱਟਿਆ ਵੱਡ ਆਕਾਰੀ ਕੇਕ (ਵੀ ਰੀਡ ਆਕਲੈਂਡ) ਲਾਇਬ੍ਰੇਰੀ ਵੱਲੋਂ ਇਕ ਵੱਡ ਆਕਾਰੀ ਕੇਕ ਜਿਸ ਉਤੇ ‘ਵੀ ਰੀਡ ਆਕਲੈਂਡ’ ਲਿਖਿਆ ਗਿਆ ਸੀ, ਪੰਜਾਂ ਪੰਜਾਬੀ ਲੇਖਕਾਂ ਵੱਲੋਂ ਸਾਂਝੇ ਤੌਰ ’ਤੇ ਕੱਟਿਆ ਗਿਆ। ਆਏ ਸਰੋਤਿਆਂ ਲਈ ਚਾਹ ਸਮੋਸਿਆਂ ਦਾ ਵੀ ਵੱਖਰਾ ਪ੍ਰਬੰਧ ਕੀਤਾ ਗਿਆ ਸੀ।
ਪੰਜਾਬੀ ਭਾਸ਼ਾ ਨੂੰ ਸਮਰਪਿਤ ਇਹ ਪ੍ਰੋਗਰਾਮ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ ਸਹਿਯੋਗ ਨਾਲ ਆਕਲੈਂਡ ਕੌਂਸਿਲ ਵੱਲੋਂ ਕਰਵਾਇਆ ਗਿਆ।