ਪਾਪਾਟੋਏਟੋਏ ਵਿਖੇ 35 ਸਾਲਾ ਦਵਿੰਦਰ ਸਿੰਘ ਦੀ ਹੱਤਿਆ

ਪਾਪਾਟੋਏਟੋਏ, 8 ਅਗਸਤ (ਕੂਕ ਸਮਾਚਾਰ) – ਇੱਥੇ ਨਾਰਮਨ ਸਪੇਂਸਰ ਡਰਾਈਵ ਵਿਖੇ 7 ਅਗਸਤ ਦੀ ਰਾਤ 8.00 ਵਜੇ ਦੇ ਲਗਭਗ ਕਾਰ ਵਿੱਚ ਮਰੇ ਪਏ ਵਿਅਕਤੀ ਦੀ ਪਛਾਣ 35 ਸਾਲਾ ਦਵਿੰਦਰ ਸਿੰਘ ਕਰਕੇ ਹੋਈ ਹੈ। ਜਿਸ ਦਾ ਪੋਸਟਮਾਰਟਮ ਅੱਜ ਕੀਤਾ ਜਾ ਰਿਹਾ ਹੈ। ਪੁਲਿਸ ਦਵਿੰਦਰ ਸਿੰਘ ਨੂੰ ਮਾਰਨ ਵਾਲੇ ਅਤੇ ਜਿਸ ਤੇਜ਼ ਹਥਿਆਰ ਨਾਲ ਉਸ ਦੀ ਹੱਤਿਆ ਕੀਤੀ ਗਈ ਹੈ ਉਸ ਹਥਿਆਰ ਦੀ ਤਲਾਸ਼ ਕਰ ਰਹੀ ਹੈ। ਇਹ ਜਾਣਕਾਰੀ ਪੁਲਿਸ ਨੇ ਬਾਅਦ ਦੁਪਹਿਰ ਪ੍ਰੈੱਸ ਰਿਲੀਜ਼ ਰਾਹੀ ਭੇਜ ਕੇ ਦੱਸਿਆ ਹੈ।
ਕਾਉਂਟੀਅਜ਼ ਮੈਨੁਕਾਓ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਡੇਵ ਲਿੰਚ ਨੇ ਕਿਹਾ ਦਵਿੰਦਰ ਸਿੰਘ ਤੇ ਉਸ ਦੀ ਲੇਡੀ ਪਾਰਟਨਰ ਨਾਰਮਨ ਸਪੇਂਸਰ ਡਰਾਈਵ ‘ਤੇ ਪੈਂਦੇ ਟੇਕਵੇਅ ‘ਤੇ ਰੁਕੇ ਜੋ ਉਨ੍ਹਾਂ ਦੇ ਕੰਮ ਤੋਂ ਘਰ ਵਿਚਕਾਰ ਪੈਂਦਾ ਹੈ। ਇਹ ਟੇਕਵੇਅ ਉਨ੍ਹਾਂ ਦੇ ਘਰ ਤੋਂ ਬਹੁਤਾ ਦੂਰ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ ਕੀ ਉਹ ਉਸ ਦੀ ਪਾਰਟਨਰ ਦਾ ਬਿਆਨ ਕੱਲ੍ਹ ਰਾਤੀ ਇਸ ਕਰਕੇ ਨਹੀਂ ਲੈ ਸਕੇ ਕਿਉਂਕਿ ਉਹ ਵੱਡੇ ਸਦਮੇ ‘ਚ ਸੀ, ਉਸ ਨਾਲ ਅੱਜ ਵਿਸਥਾਰ ਨਾਲ ਗੱਲ ਬਾਤ ਕੀਤੀ ਜਾਵੇਗੀ ਤਾਂ ਵੇਖਦੇ ਹਾਂ ਉਹ ਕੀ ਦੱਸਦੀ ਹੈ। ਪੁਲਿਸ ਹੁਣ ਮਿਸਟਰ ਸਿੰਘ ਦੀ ਹੱਤਿਆ ਦੇ ਸਿਲਸਿਲੇ ਵਿੱਚ ਕਿਸੇ ਤੀਸਰੇ ਵਿਅਕਤੀ ਦੀ ਭਾਲ ਕਰ ਰਹੀ ਹੈ, ਪੁਲਿਸ ਨੂੰ ਦਵਿੰਦਰ ਦੀ ਪਾਰਟਨਰ ਪਾਸੋਂ ਸਿਰਫ਼ ਇੰਨਾ ਹੀ ਪਤਾ ਚੱਲਿਆ ਸੀ ਕਿ ਉਹ ਤੀਸਰਾ ਵਿਅਕਤੀ ਕੋਈ ‘ਪੁਰਸ਼’ ਹੈ। ਪੁਲਿਸ ਇਸ ਤੋਂ ਜ਼ਿਆਦਾ ਬਹੁਤਾ ਕੁੱਝ ਨਹੀਂ ਦੱਸ ਪਾ ਰਹੀ ਹੈ ਕਿ ਉਨ੍ਹਾਂ ਨਾਲ ਕੀ ਵਾਪਰਿਆ ਹੈ। ਸਦਮੇ ਵਿੱਚ ਆਈ ਔਰਤ ਨੂੰ ਰਾਤ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ।
ਮਾਰਨ ਵਾਲੇ ਨੇ ਦਵਿੰਦਰ ਨੂੰ ਬੂਰੀ ਤਰ੍ਹਾਂ ਜ਼ਖਮੀ ਕੀਤਾ ਅਤੇ ਉਸ ਦੇ ਸਰੀਰ ਉੱਪਰ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ। ਇਹ ਜ਼ਖ਼ਮਾਂ ਦੇ ਨਿਸ਼ਾਨ ਦੱਸਦੇ ਹਨ ਕਿ ਹਤਿਆਰੇ ਅਤੇ ਉਸ ਵਿੱਚ ਹੱਥਾਪਾਈ ਹੋਈ ਹੁਣਿ ਹੈ। ਦਵਿੰਦਰ ਸਿੰਘ ਦੇ ਜ਼ਖ਼ਮਾਂ ਨੂੰ ਵੇਖਦਿਆ ਪੁਲਿਸ ਨੂੰ ਸ਼ੱਕ ਹੈ ਕਿ ਜਿਸ ਨੇ ਵੀ ਦਵਿੰਦਰ ਸਿੰਘ ਦੀ ਹੱਤਿਆ ਕੀਤੀ ਹੈ ਉਸ ਦੇ ਕੱਪੜਿਆਂ ‘ਤੇ ਜ਼ਰੂਰ ਚੰਗੇ ਖੂਨ ਦੇ ਨਿਸ਼ਾਨ ਹੋਣਗੇ। ਇਸ ਲਈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ :-
• ਕੱਲ੍ਹ ਰਾਤ ਕਿਸੇ ਨੇ ਕੋਈ ਸ਼ੱਕੀ ਵਿਅਕਤੀ ਘਰ ਪੁੱਜੇ ਕੇ ਕੱਪੜੇ ਧੋਣ ਜਾਂ ਕੱਪੜੇ ਰਬਿਸ਼ਬਿੰਨ ਵਿੱਚ ਸੁੱਟਦਾ ਵੇਖਿਆ ਹੋਵੇ।
• ਕੱਲ੍ਹ ਰਾਤ ਆਪਣੇ ਘਰ ਪੁੱਜੇ ਵਿਅਕਤੀ ਜਾਂ ਉਸ ਦੇ ਕੱਪੜਿਆਂ ਉੱਤੇ ਖੂਨ ਦੇ ਨਿਸ਼ਾਨ ਵੇਖੇ ਹੋਣ।
• ਖੂਨ ਦੇ ਦਾਗ਼ ਵਾਲੇ ਕੱਪੜੇ ਸੁੱਟੇ ਵੇਖੇ ਹੋਣ
• ਕਿਸੇ ਨੇ ਕੋਈ ਤੇਜ਼ਧਾਰ ਵਰਗੀ ਚੀਜ਼ ਵੇਖੀ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਦੱਸੋ।
ਪੁਲਿਸ ਦਾ ਕਹਿਣਾ ਹੈ ਕਿ 20 ਡਿਟੈਕਟਿਵਾਂ ( ਗੁਪਤਚਰਾਂ) ਦਾ ਇੱਕ ਦਲ ਇਸ ਮਾਮਲੇ ਉੱਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਤਤਕਾਲ ਪ੍ਰਾਥਮਿਕਤਾਵਾਂ ਅੱਜ ਆਲੇ ਦੁਆਲੇ ਦੀ ਖੋਜ ਪੂਰੀ ਕਰਨਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਨਾਰਮਨ ਸਪੇਂਸਰ ਡਰਾਈਵ, ਪਾਪਾਟੋਏਟੋਏ ਦੇ ਵਪਾਰਕ ਅਦਾਰੇ ਤੋਂ ਜਾਣਕਾਰੀ ਉਪਲਬਧ ਕਰਨ ਦੇ ਨਾਲ ਸੀਸੀਟੀਵੀ ਫੁਟੇਜ ਵੀ ਪ੍ਰਾਪਤ ਕਰੇਗੀ।
ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ 0800 555 111 ਨੰਬਰ ਉੱਤੇ ਕ੍ਰਾਈਮ ਸਟੋਪਰ ਸੰਗਠਨ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।