ਪਿਛਲੇ ਸਾਲ ਦੌਰਾਨ ਜ਼ਿਆਦਾਤਰ ਪ੍ਰਵਾਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਜਾਂਚ ਨਹੀਂ ਕੀਤੀ ਗਈ, ਲੇਬਰ ਇੰਸਪੈਕਟਰਾਂ ਦੀ ਹੈ ਘਾਟ

ਆਕਲੈਂਡ, 18 ਅਕਤੂਬਰ – ਖ਼ਬਰ ਹੈ ਕਿ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਲੇਬਰ ਇੰਸਪੈਕਟੋਰੇਟ ਨੂੰ ਪ੍ਰਾਪਤ ਹੋਈਆਂ ਪ੍ਰਵਾਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵਿੱਚੋਂ ਸਿਰਫ਼ 10% ਦੀ ਹੀ ਜਾਂਚ ਕੀਤੀ ਗਈ ਸੀ। ਮਨਿਸਟਰੀ ਆਫ਼ ਬਿਜ਼ਨਸਸ ਇਨੋਵੇਸ਼ਨ ਐਂਡ ਇੰਪਲਾਈਮੈਂਟ (MBIE) ਦੇ ਡੇਟਾ ਨੇ ਦਿਖਾਇਆ ਹੈ ਕਿ ਇਸ ਨੂੰ 2021/2022 ਵਿੱਤੀ ਸਾਲ ਵਿੱਚ ਪ੍ਰਵਾਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਿਤ 1018 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਅਗਸਤ ਦੇ ਅੰਤ ਤੱਕ 28 ਜਾਂਚਾਂ ਪੂਰੀਆਂ ਹੋ ਚੁੱਕੀਆਂ ਹਨ, ਜਦੋਂ ਕਿ 80 ਦੀ ਅਜੇ ਵੀ ਜਾਂਚ ਜਾਰੀ ਹਨ।
ਇਸ ਦੌਰਾਨ ਸਿਰਫ਼ 10 ਜਾਂਚਾਂ ਵਿੱਚ ਲਾਗੂ ਕਰਨ ਵਾਲੀ ਕਾਰਵਾਈ ਕੀਤੀ ਗਈ ਹੈ ਜਿੱਥੇ ਉਲੰਘਣਾ ਪਾਈ ਗਈ ਸੀ ਅਤੇ ਕੋਈ ਵੀ ਸੁਣਵਾਈ ਤੱਕ ਨਹੀਂ ਪਹੁੰਚਿਆ। ਐਮਬੀਆਈਈ ਨੇ ਕਿਹਾ ਕਿ ਇਹ ਇੰਪਲਾਈਮੈਂਟ ਰਿਲੇਸ਼ਨਸ ਅਥਾਰਿਟੀ (ERA) ਜਾਂ ਇੰਪਲਾਈਮੈਂਟ ਕੋਰਟ ਦੇ ਉਡੀਕ ਸਮੇਂ ਦੇ ਕਾਰਣ ਹੈ।
ਲੇਬਰ ਇੰਸਪੈਕਟੋਰੇਟ ਦੇ ਨੈਸ਼ਨਲ ਮੈਨੇਜਰ ਸਟੂ ਲੁਮਸਡੇਨ ਨੇ ਮਹਾਂਮਾਰੀ ਦੇ ਪ੍ਰਭਾਵ ਅਤੇ ਕੋਵਿਡ -19 ਰਿਸਪੋਂਸ ਲਈ ਸਟਾਫ਼ ਦੀ ਮੁੜ ਤਾਇਨਾਤੀ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਵਿੱਚ ਵੈਅਜ਼ ਸਬਸਿਡੀ ਦੀਆਂ ਸ਼ਿਕਾਇਤਾਂ ਨਾਲ ਨਜਿੱਠਣਾ ਵੀ ਸ਼ਾਮਲ ਹੈ। MBIE ਤੋਂ OIA ਡੇਟਾ ਦਰਸਾਉਂਦਾ ਹੈ ਕਿ 2017 ਤੋਂ ਰੁਜ਼ਗਾਰ ਉਲੰਘਣਾ ਨਾਲ ਸਬੰਧਿਤ ਜਾਂਚਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਲੇਬਰ ਇੰਸਪੈਕਟਰਾਂ ਦੀ ਘਾਟ
MBIE ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020/2021 ਵਿੱਤੀ ਸਾਲ ਵਿੱਚ ਦੇਸ਼ ਭਰ ‘ਚ ਸਿਰਫ਼ 72 ਲੇਬਰ ਇੰਸਪੈਕਟਰ ਸਨ। ਇਹ 2017/2018 ਵਿੱਚ ਨਿਊਜ਼ੀਲੈਂਡ ਦੇ ਲੇਬਰ ਇੰਸਪੈਕਟਰਾਂ ਦੀ ਗਿਣਤੀ ਨਾਲੋਂ ਸਿਰਫ਼ 19 ਵੱਧ ਸੀ, ਜੋ ਕਿ 2017 ਵਿੱਚ ਇੰਸਪੈਕਟਰਾਂ ਦੀ ਗਿਣਤੀ ਦੁੱਗਣੀ ਕਰਨ ਦੇ ਸਰਕਾਰ ਦੇ ਵਾਅਦੇ ਤੋਂ ਘੱਟ ਸੀ।
ਨਿਊਜ਼ੀਲੈਂਡ ‘ਚ ਵਰਤਮਾਨ ਵਿੱਚ ਕੰਮ ਕਰਨ ਦੀ ਉਮਰ ਦੇ ਹਰ 57,000 ਲੋਕਾਂ ਲਈ ਲਗਭਗ ਇੱਕ ਲੇਬਰ ਇੰਸਪੈਕਟਰ ਹੈ। ਇੱਕ ਬਿਆਨ ‘ਚ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਕਿਹਾ ਕਿ 2023 ਦੇ ਅੱਧ ਤੱਕ 95 ਲੇਬਰ ਇੰਸਪੈਕਟਰਾਂ ਦੀ ਨਿਯੁਕਤੀ ਦੀ ਉਮੀਦ ਹੈ।