ਪੀ.ਵੀ. ਸਿੰਧੂ ਦਾ ਕੋਰੀਆ ਓਪਨ ਸੁਪਰ ਸੀਰੀਜ਼ ਖ਼ਿਤਾਬ ‘ਤੇ ਪਹਿਲੀ ਵਾਰ ਕਬਜ਼ਾ 

ਸਿਓਲ – ਇੱਥੇ 17 ਸਤੰਬਰ ਨੂੰ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਰੁਮਾਂਚਕ ਫਾਈਨਲ ਮੁਕਾਬਲੇ ਵਿੱਚ ਉਲੰਪਿਕ ਚਾਂਦੀ ਤਗਮਾ ਜੇਤੂ ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜੋਮੀ ਓਕੁਹਾਰਾ ਨੂੰ 22-20, 11-21 ਤੇ 20-18 ਨਾਲ ਹਰਾ ਕੇ ਖ਼ਿਤਾਬ ਜਿੱਤਣ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਖਿਡਾਰਨ ਸਿੰਧ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ।
22 ਸਾਲਾ ਭਾਰਤੀ ਖਿਡਾਰਨ ਸਿੰਧੂ ਨੇ ਇਸ ੬ ਲੱਖ ਡਾਲਰ ਇਨਾਮੀ ਟੂਰਨਾਮੈਂਟ ਦੇ ਫਾਈਨਲ ‘ਚ ੮ਵਾਂ ਦਰਜਾ ਜਪਾਨੀ ਖਿਡਾਰੀ ਓਕੂਹਾਰਾ ਨੂੰ 1 ਘੰਟਾ 23 ਮਿੰਟ ਤੱਕ ਚੱਲੇ ਰੁਮਾਂਚਕ ਮੈਚ ‘ਚ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਸਿੰਧੂ ਪਿਛਲੇ ਮਹੀਨੇ ਗਲਾਸਗੋ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ‘ਚ ਓਕੂਹਾਰਾ ਤੋਂ ਹਾਰ ਗਈ ਸੀ।
ਸਿੰਧੂ ਅਤੇ ਓਕੁਹਾਰਾ ਦੇ ਇੱਕ ਮਹੀਨੇ ਅੰਦਰ ਦੂਜੀ ਵਾਰੀ ਫਾਈਨਲ ‘ਚ ਆਹਮੋ ਸਾਹਮਣੇ ਹੋਣ ਕਾਰਨ ਫਿਰ ਤੋਂ ਰੁਮਾਂਚਕ ਮੈਚ ਦੀ ਆਸ ਕੀਤੀ ਜਾ ਰਹੀ ਸੀ ਅਤੇ ਅੱਜ ਦੇ ਫਾਈਨਲ ‘ਚ ਵੀ ਵਿਸ਼ਵ ਚੈਂਪੀਅਨਸ਼ਿਪ ਦੀ ਤਰ੍ਹਾਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸਿੰਧੂ ਨੇ ਮੁੜ ਤੋਂ ਜਜ਼ਬੇ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਤੇ ਆਪਣੇ ਕੈਰੀਅਰ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ। ਵਿਸ਼ਵ ‘ਚ ਚੌਥੇ ਨੰਬਰ ਦੀ ਬੈਡਮਿੰਟਨ ਖਿਡਾਰਨ ਸਿੰਧੂ ਨੇ 2016 ‘ਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਤੇ ਇੰਡੀਅਨ ਓਪਨ ਸੁਪਰ ਸੀਰੀਜ਼ ਜਿੱਤੀ ਸੀ। ਉਸ ਨੇ ਓਕੂਹਾਰਾ ਦਾ ਆਸਟਰੇਲਿਆਈ ਓਪਨ ਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਲਗਾਤਾਰ ਤੀਜਾ ਖ਼ਿਤਾਬ ਜਿੱਤਣ ਦਾ ਸੁਪਨਾ ਵੀ ਪੂਰਾ ਨਹੀਂ ਹੋਣ ਦਿੱਤਾ। ਇਸ ਜਿੱਤ ਨਾਲ ਸਿੰਧੂ ਨੇ ਓਕੂਹਾਰਾ ਖ਼ਿਲਾਫ਼ ਆਪਣੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਹੁਣ ਤੱਕ ਇੱਕ-ਦੂਜੇ ਖ਼ਿਲਾਫ਼ 8 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 4-4 ਮੈਚਾਂ ‘ਚ ਉਨ੍ਹਾਂ ਨੇ ਜਿੱਤ ਦਰਜ ਕੀਤੀ ਹੈ।