ਪੁਲਿਸ ਮੰਤਰੀ ਸਟੂਅਰਟ ਨੈਸ਼ ਨੇ ਜੱਜ ਦੇ ਫ਼ੈਸਲੇ ਦੀ ਆਲੋਚਨਾ ਕਰਨ ਤੋਂ ਬਾਅਦ ਅਸਤੀਫ਼ਾ ਦਿੱਤਾ

ਆਕਲੈਂਡ, 15 ਮਾਰਚ – ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਐਲਾਨ ਕੀਤੀ ਹੈ ਕਿ ਪੁਲਿਸ ਮੰਤਰੀ ਸਟੂਅਰਟ ਨੈਸ਼ ਨੇ ਜੱਜ ਦੀ ਸਜ਼ਾ ਦੀ ਆਲੋਚਨਾ ਕਰਨ ਅਤੇ ਆਪਣੇ ਪੁਲਿਸ ਕਮਿਸ਼ਨਰ ਸਾਥੀ ਨੂੰ ਪੁੱਛਣ ਲਈ ‘ਕੀ ਤੁਸੀਂ ਅਪੀਲ ਕਰਨ ਜਾ ਰਹੇ ਹੋ?’, ਵਰਗੀਆਂ ਬੇਸਮਝ ਕਾਰਵਾਈਆਂ ਤੋਂ ਬਾਅਦ ਪੁਲਿਸ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਅੱਜ ਕਿਹਾ ਕਿ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨਾਲ ਸੰਪਰਕ ਕਰਨ ਵਿੱਚ ਪੁਲਿਸ ਮੰਤਰੀ ਨੈਸ਼ ਦੀਆਂ ਕਾਰਵਾਈਆਂ ਬੇਸਮਝ ਸਨ। ਉਨ੍ਹਾਂ ਨੇ ਕਿਹਾ ਕਿ ਰੇਡੀਓ ਨਿਊਜ਼ਟਾਕ ਜ਼ੈਡਬੀ ‘ਤੇ ਬਾਅਦ ਦੀਆਂ ਟਿੱਪਣੀਆਂ ਅਤੇ ਉਸ ਦੀਆਂ ਕਾਰਵਾਈਆਂ ਦਾ ਬਚਾਅ ਕਰਨਾ ਮਾੜਾ ਨਿਰਣਾ ਸੀ। ਇਸ ਮਾਮਲੇ ਦੇ ਉੱਠਣ ਕਾਰਣ ਪੁਲਿਸ ਮੰਤਰੀ ਸਟੂਅਰਟ ਨੈਸ਼ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਅਤੇ ਹਿਪਕਿਨਜ਼ ਨੇ ਉਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ।
ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਕਿਹਾ ਕਿ ਉਹ ਆਪਣੇ ਹੋਰ ਵਿਭਾਗਾਂ ਵਿੱਚ ਮੰਤਰੀ ਦੇ ਰੂਪ ‘ਚ ਬਣੇ ਰਹਿਣਗੇ, ਜਦੋਂ ਕਿ ਮੇਗਨ ਵੁਡਸ ਕਾਰਜਕਾਰੀ ਪੁਲਿਸ ਮੰਤਰੀ ਬਣੇਗੀ।
ਹਿਪਕਿਨਜ਼ ਨੇ ਕਿਹਾ ਕਿ ਨੈਸ਼ ਨੂੰ ਅਦਾਲਤਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ। ਮੇਰਾ ਮੰਨਣਾ ਹੈ ਕਿ ਇਹ ਫ਼ੈਸਲੇ ਦੀ ਇੱਕ ਗੰਭੀਰ ਗ਼ਲਤੀ ਸੀ ਅਤੇ ਇਸ ਲਈ ਮੈਂ ਉਸ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਹਿਪਕਿਨਜ਼ ਨੇ ਕਿਹਾ ਕਿ ਨੈਸ਼ ਨੇ ਉਨ੍ਹਾਂ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰਨ ਦਾ ਫ਼ੈਸਲਾ ਕਰ ਲਿਆ ਸੀ। ਨੈਸ਼ ਨੇ ਅੱਜ ਸਵੇਰੇ ਨਿਊਜ਼ਟਾਕ ਜ਼ੈਡਬੀ ਨਾਲ ਗੱਲ ਕਰਦੇ ਹੋਏ, ਅਪਰਾਧੀਆਂ ਲਈ ਢੁਕਵੀਂ ਸਜ਼ਾਵਾਂ ਦੀ ਲੋੜ ਬਾਰੇ ਗੱਲ ਕਰਦੇ ਹੋਏ ਗੱਲਬਾਤ ਦਾ ਹਵਾਲਾ ਦਿੱਤਾ। ਗੱਲਬਾਤ ਦੇ ਸਮੇਂ ਉਹ ਪੁਲਿਸ ਮੰਤਰੀ ਨਹੀਂ ਸਨ।