ਪੇਂਡੂ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਵਿਚਾਰ ਅਧੀਨ : ਸ਼ਰਮਾ

ਚੰਡੀਗੜ੍ਹ, 25 ਜੁਲਾਈ (ਏਜੰਸੀ) – ਪੰਜਾਬ ਦੇ ਮੁੱਖ ਸੰਸਦੀ ਸਕੱਤਰ (ਇੰਡਸਟਰੀ ਅਤੇ ਕਾਮਰਸ) ਐਨ. ਕੇ. ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਦੇ ਮੰਤਵ ਨਾਲ ਬਲਾਕ ਪੱਧਰ ‘ਤੇ ਸਕਿੱਲ ਡਿਵੈਲਪਮੈਂਟ ਸੇਂਟਰ ਖੋਲਣ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਜਿਨ੍ਹਾਂ ਰਾਂਹੀ ਛੇ ਪਿੰਡਾਂ ਦਾ ਕਲਸਟਰ ਬਣਾ ਕੇ ਪੇਂਡੂ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਦੇ ਹਿਸਾਬ ਨਾਲ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ।
ਐਨ. ਕੇ. ਸ਼ਰਮਾ ਅੱਜ ਸੈਕਟਰ-31 ਸਥਿਤ ਪੀ. ਐਚ. ਡੀ. ਚੈਂਬਰ ਆਫ ਕਾਮਰਸ ਵਿੱਚ ਆਰੀਅਨ ਗਰੁੱਪ ਆਫ ਕਾਲਜ ਵਲੋਂ ਆਯੋਜਿਤ ਨੌਕਰੀ ਮੇਲੇ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਮਾਗਮ ਦੀ ਪ੍ਰਧਾਨਗੀ ਆਰੀਅਨ ਗਰੁੱਪ ਆਫ ਕਾਲਜ ਦੇ ਚੇਅਰਮੈਨ ਡਾਕਟਰ ਅੰਸ਼ੂ ਕਟਾਰੀਆ ਅਤੇ ਸੀਨੀਅਰ ਅਕਾਲੀ ਆਗੂ ਅਸ਼ਵਨੀ ਸੰਭਾਲਖੀ ਨੇ ਕੀਤੀ। ਐਨ. ਕੇ. ਸ਼ਰਮਾ ਨੇ ਦੱਸਿਆ ਕਿ ਨਵੀਂ ਉਦਿਯੋਗਿਕ ਨੀਤੀ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਦੇ ਕਲਸਟਰ ਬਣਾ ਕੇ ਉਥੇ ਦੇਸ਼ ਦੇ ਨਾਮੀ ਸਨਅਤਕਾਰਾਂ ਤੋਂ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਟਰੇਨਿੰਗ ਦਵਾਈ ਜਾਵੇਗੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਉਦਿਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸਦੇ ਚਲਦੇ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਸਮਸਿੱਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਚਲਦੇ ਐਨ. ਆਰ. ਆਈ. ਪੁਲਿਸ ਥਾਣਿਆਂ ਦੀ ਮੁੱਖੀ ਨੂੰ ਪਹਿਲਾਂ ਨਾਲੋਂ ਵਧੇਰੇ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਿਲਾ੍ਹ ਪੱਧਰ ਤੇ ਡੀ. ਆਰ. ਓ. ਨੂੰ ਵੀ ਐਨ. ਆਰ. ਆਈ. ਦੀ ਰੈਵਿਨਿਊ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ ਅਧਿਕਾਰ ਦਿੱਤੇ ਗਏ ਹਨ।
ਇਸ ਮੌਕੇ ਤੇ ਬੋਲਦੇ ਹੋਏ ਆਰੀਅਨ ਗਰੁੱਪ ਆਫ ਕਾਲਜ ਦੇ ਚੇਅਰਮੈਨ ਡਾਕਟਰ ਅੰਸ਼ੂ ਕਟਾਰੀਆ ਨੇ ਕਿਹਾ ਕਿ ਸਥਾਪਨਾ ਦੇ ਕੇਵਲ ਪੰਜ ਸਾਲਾਂ ਦੇ ਅੰਦਰ ਹੀ ਆਰੀਅਨ ਕਾਲਜ ਵਿੱਚ ਦੇਸ਼ ਦੇ ਕਰੀਬ 150 ਕੰਪਨੀਆਂ ਦੌਰਾ ਕਰਕੇ ਵਿਦਿਆਰਥੀਆਂ ਨੂੰ ਰੁਜਗਾਰ ਪ੍ਰਦਾਨ ਕਰ ਚੁੱਕੀ ਹਨ। ਚਾਲੂ ਮਾਲੀ ਸਾਲ ਦੌਰਾਨ 250 ਤੋਂ ਵੱਧ ਕੰਪਨੀਆਂ ਦੇ ਕਾਲਜ ਵਿੱਚ ਆਉਣ ਦੀ ਉਮੀਦ ਹੈ।